ਕਬੱਡੀ ਕਲੱਬ ਪ੍ਰਧਾਨ ਕਤਲ ਮਾਮਲਾ : ਮ੍ਰਿਤਕ ਦੇ ਘਰ ਪੁੱਜੇ ਨਵਜੋਤ ਸਿੱਧੂ ‘ਆਪ’ ‘ਤੇ ਲਗਾਏ ਵੱਡੇ ਦੋਸ਼

0
286
sidhu

ਪਟਿਆਲਾ 7 ਅਪ੍ਰੈਲ 2022 : ਬੀਤੇ ਦਿਨ ਪੰਜਾਬ ਦੇ ਪਟਿਆਲਾ ਜ਼ਿਲੇ ‘ਚ ਕਬੱਡੀ ਕਲੱਬ ਦੇ ਮੁਖੀ ਧਰਮਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮ੍ਰਿਤਕ ਧਰਮਿੰਦਰ ਸਿੰਘ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਨਵਜੋਤ ਸਿੱਧੂ ਨੇ ਕਿਹਾ ਕਿ ਜਿਸ ਦਿਨ ਤੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਦਿਨ ਤੋਂ ਸੜਕਾਂ ‘ਤੇ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਬਾਰਾਂ ਘੰਟਿਆਂ ਵਿੱਚ ਦੋ ਕਤਲ ਹੋ ਚੁੱਕੇ ਹਨ ਅਤੇ ਇੱਕ ਕਤਲ ਦੋ ਦਿਨ ਪਹਿਲਾਂ ਵੀ ਹੋਇਆ ਸੀ। ਕਾਂਗਰਸ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਪੰਜਾਬ ਕਾਂਗਰਸ ਦੇ ਬੁਲਾਰੇ ਗੌਰਵ ਸੰਧੂ ਅਤੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਵੀ ਮੌਜੂਦ ਸਨ। ਦੱਸ ਦੇਈਏ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਪਿੱਛੇ ਹੋਈ ਤਕਰਾਰ ਤੋਂ ਬਾਅਦ ਦੋ ਗੁੱਟਾਂ ਵਿਚਾਲੇ ਗੋਲੀਬਾਰੀ ਹੋ ਗਈ ਸੀ, ਜਿਸ ਵਿੱਚ ਧਰਮਿੰਦਰ ਸਿੰਘ ਦੀ ਮੌਤ ਹੋ ਗਈ ਸੀ। ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ‘ਚ ਇਹ ਸਾਹਮਣੇ ਆਇਆ ਹੈ ਕਿ ਦੋ ਗੁੱਟਾਂ ਵਿਚਾਲੇ ਤਕਰਾਰ ਤੋਂ ਬਾਅਦ ਗੋਲੀਬਾਰੀ ਹੋਈ, ਜਿੱਥੇ ਦੋ ਨਕਾਬਪੋਸ਼ ਵਿਅਕਤੀਆਂ ਨੇ ਧਰਮਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ।