Home ਦੋਆਬਾ ਖਹਿਰਾ ਨੇ ਮਾਈਨਿੰਗ ਮਾਮਲੇ ਨੂੰ ਲੈ ਕੇ ”ਮਾਨ ਸਰਕਾਰ” ‘ਤੇ ਸਾਧੇ ਨਿਸ਼ਾਨੇ,...
ਚੰਡੀਗੜ੍ਹ 8 ਅਪ੍ਰੈਲ 2022 : ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮਾਈਨਿੰਗ ਮਾਮਲੇ ‘ਤੇ ਭਗਵੰਤ ਮਾਨ ਸਰਕਾਰ ‘ਤੇ ਵੱਡਾ ਹਮਲਾ ਕੀਤਾ ਹੈ। ਖਹਿਰਾ ਨੇ ਕਿਹਾ ਕਿ ਸਰਕਾਰ ਦੱਸੇ ਕਿ ਮਾਈਨਿੰਗ ਦੇ 20 ਹਜ਼ਾਰ ਕਰੋੜ ਰੁਪਏ ਕਿੱਥੇ ਹਨ। ਖਹਿਰਾ ਨੇ ਦੋਸ਼ ਲਾਇਆ ਕਿ ਨਾਜਾਇਜ਼ ਮਾਈਨਿੰਗ ਅਜੇ ਵੀ ਲਗਾਤਾਰ ਜਾਰੀ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਾਜਾਇਜ਼ ਮਾਈਨਿੰਗ ਦੇ ਮਾਮਲਿਆਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਈ ਕਾਂਗਰਸੀ ਮੰਤਰੀ ਅਤੇ ਵਿਧਾਇਕ ਵੀ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਹਨ। ਇਸ ਸਬੰਧੀ ਹਾਈਕਮਾਂਡ ਨੂੰ ਫਾਈਲ ਵੀ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਪੰਜਾਬ ‘ਤੇ ਦਸ ਸਾਲ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ‘ਤੇ ਵੀ ਮਾਈਨਿੰਗ ਦੇ ਦੋਸ਼ ਲੱਗੇ ਹਨ। ਇਸ ਲਈ ਭਗਵੰਤ ਮਾਨ ਸਰਕਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ‘ਤੇ ਵਾਈਟ ਪੇਪਰ ਜਾਰੀ ਕਰਕੇ ਇਸ ਮਾਮਲੇ ‘ਚ ਖੁਲਾਸਾ ਕਰਨਾ ਚਾਹੀਦਾ ਹੈ। ਸਰਕਾਰ ਦੱਸੇ ਕਿ ਪਿਛਲੇ 10 ਸਾਲਾਂ ਤੋਂ 20 ਹਜ਼ਾਰ ਰੁਪਏ ਕੌਣ ਲੁੱਟ ਰਿਹਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੱਤਰ ਲਿਖ ਕੇ ਨਾਜਾਇਜ਼ ਮਾਈਨਿੰਗ ਦੇ ਮੁੱਦੇ ‘ਤੇ ਵਾਈਟ ਪੇਪਰ ਲਿਆਉਣ ਦੀ ਮੰਗ ਕੀਤੀ ਹੈ।
ਖਹਿਰਾ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਅੱਜ ਵੀ ਜਾਰੀ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਅਜਨਾਲਾ ਨੇੜੇ ਮਾਈਨਿੰਗ ਹੋ ਰਹੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਖੱਡਿਆਂ ਨੂੰ ਲੰਮੇ ਸਮੇਂ ਤੋਂ ਲੁੱਟਿਆ ਜਾ ਰਿਹਾ ਹੈ। ਰੋਪੜ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਭ ਤੋਂ ਵੱਧ ਕਰੱਸ਼ਰ ਚੱਲ ਰਹੇ ਹਨ। ਸਰਕਾਰ ਨੂੰ ਇਸ ਮਾਮਲੇ ‘ਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ।