ਸਿੱਧੂ ਮੂਸੇਵਾਲਾ ਕਤਲ ਨਾਲ ਸਬੰਧਤ ਦੋ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ, ਜਾਂਚ ‘ਚ ਲੱਗੀ ਪੁਲਿਸ

0
106
sidhu

ਚੰਡੀਗੜ੍ਹ 4 ਜੂਨ 2022 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਨਾਲ ਸਬੰਧਤ ਇੱਕ ਵੀਡੀਓ ਹਰਿਆਣਾ ਦੇ ਫਤਿਹਾਬਾਦ ਤੋਂ ਸਾਹਮਣੇ ਆਈ ਹੈ, ਇਹ ਸੀਸੀਟੀਵੀ ਫੁਟੇਜ ਉਥੋਂ ਦੇ ਇੱਕ ਪੈਟਰੋਲ ਪੰਪ ਦੀ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ੱਕੀ ਇੱਕ ਬੋਲੈਰੋ ਗੱਡੀ ‘ਚ ਸਵਾਰ ਸਨ। ਸੋਨੀਪਤ ਦੇ ਰਹਿਣ ਵਾਲੇ ਦੋ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਪਛਾਣ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਜਾਟੀ ਵਜੋਂ ਹੋ ਗਈ ਹੈ।

ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਤਲ ਲਈ ਹਮਲਾਵਰਾਂ ਨੇ ਇਸੇ ਵਾਹਨ ਦੀ ਵਰਤੋਂ ਕੀਤੀ ਸੀ। ਫੁਟੇਜ ਫਤਿਹਾਬਾਦ ਦੇ ਪਿੰਡ ਬਿਸਲਾ ਸਥਿਤ ਇੱਕ ਪੈਟਰੋਲ ਪੰਪ ਦੀ ਹੈ, ਜਿੱਥੇ ਸ਼ੱਕੀ ਵਿਅਕਤੀਆਂ ਨੇ ਗੱਡੀ ‘ਚ ਪੈਟਰੋਲ ਭਰਵਾਇਆ ਸੀ।

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ ‘ਚ ਬੋਲੈਰੋ ਨੂੰ ਪੈਟਰੋਲ ਪੰਪ ‘ਤੇ ਤੇਲ ਪਵਾਉਣ ਲਈ ਰੋਕਿਆ ਗਿਆ ਹੈ। ਕਾਰ ਤੋਂ ਹੇਠਾਂ ਉਤਰਨ ਵਾਲੇ ਦੋਵੇਂ ਨੌਜਵਾਨ ਸੋਨੀਪਤ ਦੇ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਜਾਟੀ ਦੱਸੇ ਜਾ ਰਹੇ ਹਨ। ਪੁਲਿਸ ਉਨ੍ਹਾਂ ਦੀ ਭਾਲ ‘ਚ ਹੈ।

ਉਧਰ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਵਰਤੀ ਗਈ ਬੋਲੈਰੋ ਗੱਡੀ ਦੇ ਫਤਿਹਾਬਾਦ ’ਚ ਘੁੰਮਣ ਦੇ ਸੁਰਾਗ ਮਿਲਦੇ ਹੀ ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਪਿੰਡ ਭਿਰਡਾਨਾ ਦੇ ਦੋ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ।

ਸੂਤਰਾਂ ਮੁਤਾਬਕ ਇਨ੍ਹਾਂ ਦੀ ਪਛਾਣ ਪਵਨ ਬਿਸ਼ਨੋਈ ਅਤੇ ਨਸੀਬ ਖ਼ਾਨ ਵਜੋਂ ਹੋਈ ਹੈ। ਫਤਿਹਾਬਾਦ ਦੇ ਐੱਸਪੀ ਸੁਰਿੰਦਰ ਭੋਰੀਆਂ ਮੁਤਾਬਕ ਦੋ ਨੌਜਵਾਨਾਂ ਨੂੰ ਸਾਂਝੇ ਪੁਲਿਸ ਅਪਰੇਸ਼ਨ ਵਿੱਚ ਕਾਬੂ ਕੀਤਾ ਗਿਆ ਹੈ। ਮੋਗਾ ਪੁਲਿਸ ਇਨ੍ਹਾਂ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰੇਗੀ। ਪੁਲਿਸ ਨੂੰ ਇਨ੍ਹਾਂ ਨੌਜਵਾਨਾਂ ਤੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।