Tuesday, October 27, 2026
Home Breaking news ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ...

ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ

0
121
moosewala

ਲੁਧਿਆਣਾ 4 ਜੁਲਾਈ 2022 : ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿਚ ਫੜੇ ਗਏ ਸਤਬੀਰ ਸਿੰਘ ਤੋਂ ਕਈ ਅਹਿਮ ਖੁਲਾਸੇ ਹੋਏ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸਤਬੀਰ ਸਿੰਘ ਸੰਦੀਪ ਕਾਹਲੋਂ ਨੂੰ ਜਾਣਦਾ ਸੀ। ਸੰਦੀਪ ਕਾਹਲੋਂ ਬੀ. ਡੀ. ਪੀ. ਓ. ਦੀ ਪੋਸਟ ’ਤੇ ਹੈ, ਜੋ ਕਿ ਇਕ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਹੈ। ਮਨਦੀਪ ਸਿੰਘ ਤੂਫਾਨ ਅਤੇ ਮਨਪ੍ਰੀਤ ਸਿੰਘ ਉਰਫ ਰਈਆ ਦੋਵੇਂ ਹੀ ਇਕ ਹੋਰ ਸਾਥੀ ਦੇ ਨਾਲ ਸੰਦੀਪ ਕਾਹਲੋਂ ਦੀ ਕੋਠੀ ਵਿਚ ਹੀ ਠਹਿਰੇ ਹੋਏ ਸਨ।

ਪਤਾ ਲੱਗਾ ਹੈ ਕਿ ਸੰਦੀਪ ਨੇ ਹੀ ਸਤਬੀਰ ਸਿੰਘ ਨੂੰ ਮਨਦੀਪ, ਮਨਪ੍ਰੀਤ ਅਤੇ ਉਸ ਦੇ ਤੀਜੇ ਸਾਥੀ ਨੂੰ ਬਠਿੰਡਾ ਛੱਡਣ ਲਈ ਕਿਹਾ ਸੀ। ਸਤਬੀਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੇ ਨਾਲ ਬੈਠੇ ਨੌਜਵਾਨ ਸ਼ੂਟਰ ਹਨ। ਇਹ ਸ਼ੂਟਰ ਜੱਗੂ ਭਗਵਾਨਪੁਰੀਆ ਦੇ ਰਾਈਟ ਹੈਂਡ ਮੰਨੇ ਜਾਂਦੇ ਹਨ, ਜੋ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ’ਤੇ ਹੀ ਕੰਮ ਕਰਦੇ ਸਨ। ਹੁਣ ਪੁਲਸ ਸੰਦੀਪ ਕਾਹਲੋਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਟੀਮਾਂ ਨੇ ਸੰਦੀਪ ਦੇ ਘਰ ਵੀ ਛਾਪੇਮਾਰੀ ਕੀਤੀ ਸੀ ਪਰ ਉਹ ਫਰਾਰ ਚੱਲ ਰਿਹਾ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸੰਦੀਪ ਦੇ ਫੜੇ ਜਾਣ ਤੋਂ ਬਾਅਦ ਕਈ ਅਹਿਮ ਖੁਲਾਸੇ ਹੋ ਸਕਦੇ ਹਨ।

ਸੰਦੀਪ ਨੂੰ ਫੜਨ ਲਈ ਬਣਾਈ ਯੋਜਨਾ ਵੀ ਹੋਈ ਨਾਕਾਮ
ਸਤਬੀਰ ਸਿੰਘ ਨੂੰ ਫੜਨ ਤੋਂ ਬਾਅਦ ਜਦੋਂ ਬੀ. ਡੀ. ਪੀ. ਓ. ਸੰਦੀਪ ਕਾਹਲੋਂ ਦਾ ਨਾਂ ਸਾਹਮਣੇ ਆਇਆ ਤਾਂ ਪੁਲਸ ਪ੍ਰਸ਼ਾਸਨ ਨੇ ਉਸ ਨੂੰ ਫੜਨ ਦੀ ਯੋਜਨਾ ਬਣਾਈ ਸੀ। ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੇ ਸਾਰੇ ਬੀ. ਡੀ. ਪੀ. ਓਜ਼ ਦੀ ਮੀਟਿੰਗ ਬੁਲਾਈ ਸੀ ਪਰ ਉਦੋਂ ਤੱਕ ਸੰਦੀਪ ਚੌਕਸ ਹੋ ਚੁੱਕਾ ਸੀ। ਇਸ ਲਈ ਉਹ ਸਰਕਾਰ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਸ਼ਾਮਲ ਨਹੀਂ ਹੋਇਆ। ਇਸ ਲਈ ਉਹ ਪੁਲਸ ਦੇ ਹੱਥੋਂ ਨਿਕਲ ਗਿਆ।

ਫਾਰਚੂਨਰ ਦੀ ਵੀਡੀਓ ਵਾਇਰਲ ਹੋਣ ’ਤੇ ਸਤਬੀਰ ਨੂੰ ਦਿੱਤੀ ਸੀ ਮਾਰਨ ਦੀ ਧਮਕੀ
ਸੂਤਰਾਂ ਮੁਤਾਬਕ ਜਦੋਂ ਬਠਿੰਡਾ ਵਿਚ ਇਕ ਪੈਟਰੋਲ ਪੰਪ ਤੋਂ ਫਾਰਚੂਨਰ ਕਾਰ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਖੁਦ ਨੂੰ ਫਸਿਆ ਦੇਖ ਕੇ ਸਤਬੀਰ ਸਿੰਘ ਪੁਲਸ ਕੋਲ ਜਾਣਾ ਚਾਹੁੰਦਾ ਸੀ ਪਰ ਸੰਦੀਪ ਸਿੰਘ ਕਾਹਲੋਂ ਨੇ ਉਸਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਕਿਸੇ ਨਾਲ ਕੋਈ ਗੱਲ ਸਾਂਝੀ ਕੀਤੀ ਤਾਂ ਉਹ ਸਾਰਿਆਂ ਨੂੰ ਮਾਰ ਦੇਵੇਗਾ, ਜਿਸ ਤੋਂ ਬਾਅਦ ਸੰਦੀਪ ਨੇ ਹੀ ਸਤਬੀਰ ਸਿੰਘ ਨੂੰ ਅੰਡਰਗਰਾਊਂਡ ਰਹਿਣ ਲਈ ਕਿਹਾ ਸੀ ਤਾਂ ਕਿ ਉਸ ਦਾ ਪਾਸਪੋਰਟ ਬਣਾ ਕੇ ਉਸ ਨੂੰ ਬਾਹਰ ਭੇਜਿਆ ਜਾ ਸਕੇ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਦਬੋਚ ਲਿਆ।