Home Breaking news ਧਰਮਵੀਰ ਗਾਂਧੀ ਨੇ ਮਾਨ ਸਰਕਾਰ ‘ਤੇ ਕਸਿਆ ਤੰਜ, ਚੋਰ-ਮੋਰੀਆਂ ਰਾਹੀਂ ਚਹੇਤਿਆਂ ਨੂੰ...
ਚੰਡੀਗੜ੍ਹ 13 ਜੁਲਾਈ 2022 : ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ‘ਤੇ ਚਹੇਤਿਆਂ ਨੂੰ ਨੌਕਰੀਆਂ ਦੇਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮਾਨ ਸਰਕਾਰ ਆਪਣੇ ਚਹੇਤਿਆਂ ਨੂੰ ਚੋਰ-ਮੋਰੀਆਂ ਰਾਹੀਂ ਨੌਕਰੀਆਂ ਦਿੰਦੀ ਹੈ ਅਤੇ ਜਦੋਂ ਰੋਲਾ ਪੈ ਜਾਂਦਾ ਹੈ ਤਾਂ ਮੁਕਰ ਜਾਂਦੀ ਹੈ ਅਤੇ ਆਪਣੇ ਸਰਕਾਰੀ ਸੋਸ਼ਲ ਮੀਡੀਆ ਖਾਤਿਆਂ ‘ਤੇ ਇਸਦਾ ਖੰਡਨ ਕਰਦੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਵਿਕਾਸ ਪਰਾਸ਼ਰ ਨੂੰ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਸੋਸ਼ਲ ਮੀਡੀਆ ਨਿਯੁਕਤ ਕਰਨ ਬਾਰੇ ਕਈ ਮੀਡੀਆ ਅਦਾਰਿਆਂ ‘ਚ ਖ਼ਬਰ ਲੱਗੀ ਸੀ, ਜਿਸ ‘ਤੇ ਪੰਜਾਬ ਸਰਕਾਰ ਨੇ ਟਵੀਟ ਰਾਹੀਂ ਇਸ ਖ਼ਬਰ ਨੂੰ ‘ਜਾਅਲੀ ਖ਼ਬਰ’ ਦੱਸਿਆ ਸੀ।
ਡਾ. ਧਰਮਵੀਰ ਗਾਂਧੀ ਨੇ ਇਸ ਮੁੱਦੇ ‘ਤੇ ਹੀ ਮਾਨ ਸਰਕਾਰ ‘ਤੇ ਕਿੰਤੂ ਕਰਦਿਆਂ ਕਿਹਾ ਹੈ ਕਿ ਜੇਕਰ ਵਿਕਾਸ ਪਰਾਸ਼ਰ ਨੂੰ ਨਿਯੁਕਤ ਨਹੀਂ ਕੀਤਾ ਗਿਆ ਤਾਂ ਉਹ ਇੱਕ ਦਿਨ ਪਹਿਲਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਮੀਟਿੰਗ ਵਿੱਚ ਕੀ ਕਰ ਰਿਹਾ ਸੀ?, ਜਦਕਿ ਉਸ ਮੀਟਿੰਗ ਵਿੱਚ ਵਿਭਾਗ ਦਾ ਮੰਤਰੀ ਵੀ ਹਾਜ਼ਰ ਸੀ।

ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਦੀ ਪੋਸਟ
ਡਾ. ਗਾਂਧੀ ਨੇ ਵਿਕਾਸ ਪਰਾਸ਼ਰ ਦੀ ਨਾਲ ਨੱਕੀ ਨਿਯੁਕਤੀ ਪੱਤਰ ਦੀ ਕਾਪੀ ਰਾਹੀਂ ਪੁੱਛਿਆ ਕਿ ਮਾਨ ਸਰਕਾਰ ਚੋਰ-ਮੋਰੀਆਂ ਰਾਹੀਂ ਲੋਕ ਸੰਪਰਕ ਵਿਭਾਗ ਵਿੱਚ ਆਪਣੇ ਚਹੇਤੇ ਨੂੰ 1.25 ਲੱਖ ਰੁਪਏ ਤਨਖਾਹ ‘ਤੇ ਨੌਕਰੀ ਦੇ ਰਹੀ ਹੈ, ਜੋ ਕਿ ਜੁਆਇੰਨਿੰਗ ਪੱਤਰ ਵੀ ਵਾਇਰਲ ਹੋਇਆ ਹੈ, ਉਸ ਬਾਰੇ ਭਗਵੰਤ ਮਾਨ ਕੁੱਝ ਦੱਸ ਸਕਦੇ ਹਨ?
ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਵਿੱਚ ਇਥੋਂ ਤੱਕ ਹੈ ਕਿ ਵਿਕਾਸ ਪਰਾਸ਼ਰ ਦੀ ਰਜਿਸਟਰ ਵਿੱਚ ਹਾਜਰੀ ਤੱਕ ਲੱਗੀ ਹੋਈ ਹੈ, ਜੋ ਕਿ ਕਾਪੀ ਨਾਲ ਨੱਥੀ ਹੈ, ਤਾਂ ਫਿਰ ਸਰਕਾਰ ਕਿਵੇਂ ਮੁੱਕਰ ਸਕਦੀ ਹੈ?
ਡਾ. ਗਾਂਧੀ ਨੇ ਕਿਹਾ ਕਿ ਮਾਨ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ। ਉਨ੍ਹਾਂ ਕਿਹਾ ਜਦੋਂ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੈ ਤਾਂ ਲੱਖਾਂ ਰੁਪਏ ਦੀਆਂ ਨੌਕਰੀਆਂ ਚੋਰ-ਮੋਰੀ ਰਾਹੀਂ ਕਿਉਂ ਵੰਡੀਆਂ ਜਾ ਰਹੀਆਂ ਹਨ?