ਲੰਡਨ 14 ਜੁਲਾਈ 2022 : ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਪਹਿਲੇ ਗੇੜ ਦੀ ਵੋਟਿੰਗ ਵਿੱਚ 88 ਵੋਟਾਂ ਹਾਸਲ ਕਰਕੇ ਅੱਗੇ ਚੱਲ ਰਹੇ ਹਨ। ਇਸ ਤੋਂ ਬਾਅਦ ਪੈਨੀ ਮੋਰਡੈਂਟ 67 ਵੋਟਾਂ ਨਾਲ ਅਤੇ ਲਿਜ਼ ਟ੍ਰੌਸ 50 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ। ਇਸ ਦੇ ਨਾਲ ਹੀ ਕੇਮੀ ਬੇਡੇਨੋਕ ਨੂੰ 40, ਟੌਮ ਟੂਜੈਂਟ ਨੂੰ 37 ਵੋਟਾਂ ਮਿਲੀਆਂ, ਜਦਕਿ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ 9 ਫੀਸਦੀ ਵੋਟਾਂ ਨਾਲ ਛੇਵੇਂ ਨੰਬਰ ‘ਤੇ ਹੈ ਅਤੇ ਉਸ ਨੂੰ 32 ਵੋਟਾਂ ਮਿਲੀਆਂ ਹਨ। ਇਸ ਨਾਲ ਦੋ ਉਮੀਦਵਾਰ ਨਦੀਮ ਜਾਹਵੀ ਅਤੇ ਜੇਰੇਮੀ ਹੰਟ ਐਲੀਮੀਨੇਸ਼ਨ ਰਾਊਂਡ ਵਿੱਚ ਇਸ ਦੌੜ ਤੋਂ ਬਾਹਰ ਹੋ ਗਏ ਹਨ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਸੁਨਕ ਅਤੇ ਪੈਨੀ ਮੋਰਡੈਂਟ ਇਸ ਸਮੇਂ ਦੌੜ ਵਿੱਚ ਸਭ ਤੋਂ ਅੱਗੇ ਹਨ, ਪੈਨੀ ਮੋਰਡੈਂਟ ਨੂੰ ਜ਼ਮੀਨੀ ਪੱਧਰ ‘ਤੇ ਕੰਜ਼ਰਵੇਟਿਵ ਪਾਰਟੀ ਦਾ ਜ਼ਬਰਦਸਤ ਸਮਰਥਨ ਹਾਸਲ ਹੈ। 21 ਜੁਲਾਈ ਤੱਕ ਇਸ ਦੌੜ ਵਿੱਚ ਸਿਰਫ਼ ਦੋ ਉਮੀਦਵਾਰ ਹੀ ਰਹਿ ਜਾਣਗੇ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਉਮੀਦਵਾਰਾਂ ਕੋਲ ਕੰਜ਼ਰਵੇਟਿਵ ਪਾਰਟੀ ਦੇ 2 ਲੱਖ ਮੈਂਬਰਾਂ ਸਾਹਮਣੇ ਆਪਣੀ ਉਮੀਦਵਾਰੀ ਸਾਬਤ ਕਰਨ ਦੀ ਚੁਣੌਤੀ ਹੋਵੇਗੀ। ਇਨ੍ਹਾਂ ਦੋਵਾਂ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲਾ ਉਮੀਦਵਾਰ ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਬਣ ਕੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣ ਜਾਵੇਗਾ। ਉਮੀਦ ਹੈ ਕਿ ਬ੍ਰਿਟੇਨ ਨੂੰ 5 ਸਤੰਬਰ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਸਕਦਾ ਹੈ।