ਨਵੀਂ ਦਿੱਲੀ 3 ਅਗਸਤ 2022 : ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਪੰਜਾਬ ਦੇ ਨਵੇਂ ਸੰਸਦ ਮੈਂਬਰ ਲਗਾਤਾਰ ਅਹਿਮ ਮੁੱਦੇ ਉਠਾ ਰਹੇ ਹਨ। ਹੁਣ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਵੀ ਅਫਗਾਨਿਸਤਾਨ ‘ਚ ਸਿੱਖਾਂ ‘ਤੇ ਹੋ ਰਹੇ ਹਮਲਿਆਂ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਪੁੱਛਿਆ ਕਿ ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹਰਭਜਨ ਸਿੰਘ ਨੇ ਕਿਹਾ ਕਿ ਇਹ ਇੱਕ ਅਜਿਹਾ ਮੁੱਦਾ ਹੈ ਜਿਸ ਨੇ ਨਾ ਸਿਰਫ਼ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਸਗੋਂ ਇਹ ਸਿੱਖ ਹੋਣ ਦੀ ਪਛਾਣ ’ਤੇ ਹਮਲਾ ਹੈ। ਅਜਿਹੇ ਹਮਲੇ ਕਈ ਸਵਾਲ ਖੜ੍ਹੇ ਕਰਨ ਲਈ ਮਜਬੂਰ ਕਰਦੇ ਹਨ। ਇਹ ਹਮਲੇ ਸਿੱਖਾਂ ‘ਤੇ ਹੀ ਕਿਉਂ ਹੋ ਰਹੇ ਹਨ? ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਜੇਕਰ ਕੋਵਿਡ ਦੌਰ ਨੂੰ ਯਾਦ ਕਰੀਏ ਤਾਂ ਉਸ ਸਮੇਂ ਦੌਰਾਨ ਗੁਰਦੁਆਰੇ ਅਤੇ ਸਿੱਖਾਂ ਨੇ ਹਰ ਸਹੂਲਤ ਮੁਹੱਈਆ ਕਰਵਾਈ ਸੀ। ਸਿੱਖ ਹਮੇਸ਼ਾ ਹੀ ਅੱਗੇ ਰਹੇ ਹਨ ਚਾਹੇ ਕੋਈ ਵੀ ਹਾਲਾਤ ਹੋਣ। ਇਸ ਸਭ ਦੇ ਬਾਵਜੂਦ ਸਾਡੇ ਨਾਲ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ?