ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਵਿਰੋਧ ‘ਚ ਕਿਸਾਨ ਅੱਜ ਫਗਵਾੜਾ ਸ਼ੂਗਰ ਮਿੱਲ ਹਾਈਵੇਅ ਕਰਨਗੇ ਜਾਮ

0
96
Phagwara Sugar Mill

ਜਲੰਧਰ 8 ਅਗਸਤ 2022 : ਜੇਕਰ ਤੁਸੀਂ ਵੀ ਪਠਾਨਕੋਟ-ਜਲੰਧਰ-ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਜਾ ਰਹੇ ਹੋ ਜਾਂ ਫਿਰ ਲੁਧਿਆਣਾ ਵੱਲੋਂ ਜਲੰਧਰ ਵੱਲ ਆ ਰਹੇ ਹੋ ਤਾਂ ਤੁਹਾਨੂੰ ਹਾਈਵੇਅ ‘ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਕਿਸਾਨ ਅੱਜ ਸਵੇਰੇ 9 ਵਜੇ ਤੋਂ ਜਲੰਧਰ ਅਤੇ ਲੁਧਿਆਣਾ ਵਿਚਕਾਰ ਫਗਵਾੜਾ ਸਥਿਤ ਸ਼ੂਗਰ ਮਿੱਲ ਦੇ ਸਾਹਮਣੇ ਹਾਈਵੇਅ ‘ਤੇ ਧਰਨਾ ਲਗਾਉਣ ਜਾ ਰਹੇ ਹਨ। ਇਹ ਧਰਨਾ ਇੱਕ ਦਿਨ ਜਾਂ ਕੁਝ ਘੰਟਿਆਂ ਲਈ ਨਹੀਂ ਸਗੋਂ ਸਥਾਈ ਹੈ। ਕਿਸਾਨਾਂ ਦਾ ਖੰਡ ਮਿੱਲ ਵੱਲ ਕਰੋੜਾਂ ਰੁਪਏ ਦਾ ਬਕਾਇਆ ਹੈ ਅਤੇ ਉਹ ਇਸ ਦੀ ਅਦਾਇਗੀ ਦੀ ਮੰਗ ਕਰ ਰਹੇ ਹਨ।

ਗੰਨਾ ਕਾਸ਼ਤਕਾਰਾਂ ਵੱਲੋਂ ਹਾਈਵੇਅ ਜਾਮ ਕਰਨ ਦੇ ਐਲਾਨ ਮਗਰੋਂ ਫਗਵਾੜਾ ਪੁਲਿਸ ਵੱਲੋਂ ਟ੍ਰੈਫਿਕ ਡਾਇਵਰਟ ਕਰ ਕੇ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ। ਧਰਨੇ ਕਾਰਨ ਲੋਕਾਂ ਦੀ ਜ਼ਿਆਦਾ ਖੱਜਲ-ਖੁਆਰੀ ਨਾ ਹੋਵੇ ਇਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਰਸਤਿਆਂ ਰਾਹੀਂ ਟ੍ਰੈਫਿਕ ਨੂੰ ਕੱਢਣ ਲਈ ਇਕ ਰੂਟ ਪਲਾਨ ਤਿਆਰ ਕੀਤਾ ਹੈ। ਪਲਾਨ ਅਨੁਸਾਰ ਦਿੱਲੀ-ਲੁਧਿਆਣਾ ਜਾਣ ਵਾਲੇ ਭਾਰੀ ਵਾਹਨਾਂ ਨੂੰ ਮੇਹਟਾਂ ਬਾਈਪਾਸ ਡਾਇਵਰਟ ਕਰ ਦਿੱਤਾ ਗਿਆ ਹੈ, ਉਥੇ ਹੀ ਲੁਧਿਆਣਾ-ਦਿੱਲੀ ਜਾਣ ਵਾਲੇ ਹਲਕੇ ਵਾਹਨਾਂ ਨੂੰ ਮੇਹਟਾ ਬਾਈਪਾਸ ਚੌਕ ਤੋਂ ਮੇਹਲੀ ਬਾਈਸਾਪਸ ਤੇ ਬਸਰਾ ਪੈਲੇਸ ਤੋਂ ਖੋਥੜਾ ਰੋਡ ਟੂ ਅਰਬਨ ਅਸਟੇਟ ਵੱਲ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਮੱਦੇਨਜ਼ਰ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੀ ਫਗਵਾੜਾ ਸਬ-ਡਵੀਜ਼ਨ ਦੇ ਪੁਲਿਸ ਪ੍ਰਸ਼ਾਸਨ ਨੇ ਰੂਟ ਮੋੜ ਦਿੱਤੇ ਹਨ।

ਇਸ ਸਬੰਧੀ ਟਰੈਫਿਕ ਇੰਚਾਰਜ ਫਗਵਾੜਾ ਅਮਨ ਕੁਮਾਰ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਐਸਪੀ ਅਤੇ ਫਗਵਾੜਾ ਪ੍ਰਸ਼ਾਸਨ ਨੇ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਟਰੈਫਿਕ ਡਾਇਵਰਟ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਜਲੰਧਰ ਤੋਂ ਦਿੱਲੀ ਜਾਣ ਵਾਲੀ ਟਰੈਫਿਕ ਨੂੰ ਮੇਹਟਾ ਬਾਈਪਾਸ ਤੋਂ ਭੁੱਲਾਰਾਈ ਰੋਡ ਵੱਲ ਭੇਜਿਆ ਜਾਵੇਗਾ। ਹਲਕੇ ਵਾਹਨਾਂ ਨੂੰ ਮੇਹਲੀ ਬਾਈਪਾਸ ਤੋਂ ਜੀ.ਟੀ ਰੋਡ ‘ਤੇ ਹਰਗੋਬਿੰਦ ਨਗਰ ਵੱਲ ਮੋੜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੰਡਿਆਲਾ ਤੋਂ ਹਦੀਆਬਾਦ, ਗੰਢਵਾ, ਮੇਹਟਾ ਵਾਇਆ ਜਲੰਧਰ ਜਾਣ ਵਾਲੀ ਟਰੈਫਿਕ ਨੂੰ ਐਲਪੀਯੂ ਰਾਹੀਂ ਮੋੜ ਦਿੱਤਾ ਗਿਆ ਹੈ। ਲੁਧਿਆਣਾ ਤੋਂ ਜਲੰਧਰ ਜਾਣ ਵਾਲਾ ਭਾਰੀ ਵਾਹਨ ਫਿਲੌਰ-ਨੂਰਮਹਿਲ ਜੰਡਿਆਲਾ ਤੋਂ ਹੁੰਦਾ ਹੋਇਆ ਜਲੰਧਰ ਪਹੁੰਚੇਗਾ, ਇਸੇ ਤਰ੍ਹਾਂ ਹਲਕਾ ਫਗਵਾੜਾ ਦੇ ਪਿੰਡ ਮੌਲੀ ਤੋਂ ਹਦੀਆ ਮਾੜੀ ਗੰਡ ਅਤੇ ਮਹਿਤਾਨ ਐਲ.ਪੀ.ਯੂ ਰਾਹੀਂ ਜਲੰਧਰ ਪਹੁੰਚੇਗਾ।

ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਖੰਡ ਮਿੱਲ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਨ । ਕਿਸਾਨਾਂ ਦਾ ਕਹਿਣਾ ਹੈ ਕਿ ਮਿੱਲ ਵੱਲ ਕਿਸਾਨਾਂ ਦੇ 72 ਕਰੋੜ ਰੁਪਏ ਬਕਾਇਆ ਫਸਿਆ ਹੋਇਆ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਰੋੜਾਂ ਰੁਪਏ ਮਿੱਲ ਕੋਲ ਫਸਿਆ ਹੋਇਆ ਹੈ ਪਰ ਨਾ ਤਾਂ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਨਾ ਹੀ ਸ਼ੂਗਰ ਮਿੱਲ ਦੇ ਪ੍ਰਬੰਧਕ ਪੈਸੇ ਦੇਣ ਦਾ ਨਾਮ ਲੈ ਰਹੇ ਹਨ।

ਦੱਸ ਦੇਈਏ ਕਿ ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਧਰਨੇ ‘ਤੇ ਆਉਣ ਵਾਲੇ ਕਿਸਾਨ ਨੂੰ ਪੂਰੀ ਤਿਆਰੀ ਨਾਲ ਆਉਣ । ਉਹ ਟਰਾਲੀਆਂ ‘ਤੇ ਤਰਪਾਲਾਂ ਪਾ ਕੇ ਰਾਤ ਨੂੰ ਸੌਣ ਲਈ ਮੰਜੇ ਅਤੇ ਬਿਸਤਰੇ ਲੈ ਕੇ ਆਉਣ । ਉਨ੍ਹਾਂ ਕਿਹਾ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਉਨ੍ਹਾਂ ਦਾ ਇਹ ਧਰਨਾ ਅਣਮਿੱਥੇ ਸਮੇਂ ਲਈ ਹੈ । ਜਦੋਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਤਾਂ ਉਹ ਧਰਨੇ ਤੋਂ ਨਹੀਂ ਉੱਠਣਗੇ।