ਕਿਸਾਨਾਂ ਲਈ ਬੁਰੀ ਖ਼ਬਰ, ਡੀਏਪੀ ਤੋਂ ਬਾਅਦ ਹੁਣ ਪੋਟਾਸ਼ ਖਾਦ ਦੀ ਕੀਮਤ ‘ਚ ਭਾਰੀ ਵਾਧਾ

0
176
DAP

ਚੰਡੀਗੜ੍ਹ 1 ਮਈ 2022 : ‘ਪਿਛਲੇ ਦਿਨੀਂ ਖਾਦ ਕੰਪਨੀਆਂ ਵੱਲੋਂ ਡੀਏਪੀ ਖਾਦ ਦੇ ਰੇਟ 300 ਰੁਪਏ ਪ੍ਰਤੀ ਕੁਇੰਟਲ ਵਧਾਉਣ ਨਾਲ ਜਿੱਥੇ ਕਿਸਾਨਾਂ ਦੇ ਅੰਦਰ ਰੋਸ ਪਾਇਆ ਜਾ ਰਿਹਾ ਸੀ, ਉੱਥੇ ਹੀ ਹੁਣ ਖਾਦ ਕੰਪਨੀਆਂ ਨੇ ਮਿਊਰੇਟ ਆਫ ਪੋਟਾਸ਼ (ਐੱਮੳਪੀ ) ਵਿਚ 1200 ਰੁਪਏ ਪ੍ਰਤੀ ਕੁਇੰਟਲ (600 ਰੁਪਏ ਪ੍ਰਤੀ ਗੱਟਾ 50 ਕਿਲੋ) ਵਾਧਾ ਕਰਕੇ ਕਿਸਾਨਾਂ ’ਤੇ ਇੱਕ ਹੋਰ ਭਾਰੀ ਆਰਥਿਕ ਬੋਝ ਪਾ ਕੇ ਖੇਤੀ ਲਾਗਤ ਖਰਚੇ ਵਧਾ ਦਿੱਤੇ ਹਨ। ਪਹਿਲਾਂ ਹੀ ਵਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਨੇ ਕਿਸਾਨਾਂ ਤੇ ਭਾਰੀ ਬੋਝ ਪਾਇਆ ਹੋਇਆ ਸੀ, ਹੁਣ ਖਾਦਾਂ ਦੇ ਰੇਟ ਕਿਸਾਨੀ ਦਾ ਲੱਕ ਤੋੜ ਦੇਣਗੇ।’

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਰਦਿਆਂ ਦੱਸਿਆ ਕਿ ਖਾਦ ਕੰਪਨੀਆਂ ਨੇ ਡੀਏਪੀ ਖਾਦ ਦਾ ਗੱਟਾ ( 50 ਕਿਲੋ ) 1200 ਤੋਂ 1350 ਰੁਪਏ ਕਰ ਦਿੱਤਾ, ਪੋਟਾਸ਼ ਦਾ ਗੱਟਾ (50 ਕਿਲੋ ) 1100 ਤੋਂ ਵਧਾ ਕੇ 1700 ਰੁਪਏ ਕਰ ਦਿੱਤਾ ਹੈ। ਫਿਲਹਾਲ ਯੂਰੀਆ ਖਾਦ ’ਚ ਕੋਈ ਵਾਧਾ ਘਾਟਾ ਨਹੀ ਕੀਤਾ।

ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਧ ਰਹੀਆਂ ਡੀਜ਼ਲ, ਕੀਟਨਾਸ਼ਕ ਦਵਾਈ, ਮਜ਼ਦੂਰੀ. ਖਾਦਾਂ ਆਦਿ ਦੀਆਂ ਕੀਮਤਾਂ ਕਾਰਨ ਕਿਸਾਨਾਂ ਲਈ ਖੇਤੀ ਕਰਨਾ ਹੁਣ ਹੱਥ ਵੱਸ ਨਹੀ ਰਹੇਗੀ, ਕਿੳਂਕਿ ਉਸ ਦੇ ਖੇਤੀ ਲਾਗਤ ਖਰਚੇ ਵੱਧ ਰਹੇ ਹਨ ਤੇ ਸਰਕਾਰਾਂ ਉਹਨਾਂ ਦੀਆ ਜਿਣਸਾਂ ਦੇ ਰੇਟਾਂ ਵਿੱਚ ਮਾਮੂਲੀ ਵਾਧਾ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਪਿਛਲੇ ਦਿਨੀਂ ਪੀ ਐਂਡ ਕੇ (ਫਾਸਫੇਟਿਕ ਅਤੇ ਪੋਟਾਸਿਕ) ਖਾਦਾਂ ਵਿੱਚ ਛਿਮਾਹੀ ਖਰੀਫ (ਸਾਉਣੀ) ਫਸਲਾਂ ਲਈ ਸਬਸਿਡੀ 21000 ਕਰੋੜ ਤੋਂ ਵਧਾ ਕੇ 60939.23 ਕਰੋੜ ਤੱਕ ਕੀਤਾ ਵਾਧਾ ਵੀ ਨਿਗੂਣਾ ਸੀ, ਜਿਸ ਕਾਰਨ ਕੰਪਨੀਆਂ ਨੇ ਖਾਦਾਂ ਦੇ ਰੇਟ ਵਧਾ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਅਧਿਕਾਰਤ ਅਨੁਮਾਨਾਂ ਦੇ ਅਨੁਸਾਰ ਇਸ ਵਾਰ ਸਾਲ 22 ’ਚ ਖਰੀਫ (ਸਾਉਣੀ) ਸੀਜ਼ਨ ਲਈ ਪੂਰੇ ਦੇਸ਼ ਦੇ ਕਿਸਾਨ ਡੀਏਪੀ ਖਾਦ ਦੀ 58.82 ਲੱਖ ਟਨ ਅਤੇ ਪੋਟਾਸ਼ ਦੀ 19.81 ਲੱਖ ਟਨ ਖਪਤ ਕਰਨਗੇ, ਜਦੋਂ ਕਿ ਰਬੀ (ਹਾੜੀ) ਸੀਜ਼ਨ ਲਈ ਇਸ ਦੀ ਖਪਤ ਹੋਰ ਜ਼ਿਆਦਾ ਵਧ ਜਾਵੇਗੀ। ਕਿਸਾਨ ਆਗੂ ਨੇ ਕੇਂਦਰ ਸਰਕਾਰ ਮੰਗ ਕਰਦਿਆਂ ਕਿਹਾ ਕਿ ਖਾਦਾਂ ਦੀਆਂ ਵਧ ਰਹੀਆਂ ਅੰਤਰ ਰਾਸ਼ਟਰੀ ਕੀਮਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਵਧ ਰਹੇ ਖੇਤੀ ਲਾਗਤ ਖਰਚਿਆਂ ਨੂੰ ਵੇਖਦਿਆਂ ਖਾਦਾਂ ਦੀ ਸਬਸਿਡੀ ਦਾ ਬਜਟ 3 ਲੱਖ ਕਰੋੜ ਕੀਤਾ ਜਾਵੇ।