Home ਦੋਆਬਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਦੁਪਹਿਰ 2 ਵਜੇ ਕਿਸਾਨਾਂ ਨਾਲ ਕੀਤੀ...
ਚੰਡੀਗੜ੍ਹ 5 ਅਪ੍ਰੈਲ 2022 : ਗੁਲਾਬੀ ਸੁੰਡੀ ਕਾਰਨ ਨਰਮੇ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਸੰਘਰਸ਼ ਕਰਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਉੱਤੇ ਬੀਤੇ ਦਿਨੀਂ ਲੰਬੀ ਵਿਖੇ ਕੀਤੇ ਗਏ ਲਾਠੀਚਾਰਜ ਉਪਰੰਤ ਡਿਪਟੀ ਕਮਿਸ਼ਨਰ ਤੇ ਡੀ.ਐੱਸ.ਪੀ ‘ਤੇ ਕਾਨੂੰਨੀ/ਵਿਭਾਗੀ ਕਾਰਵਾਈ ਸਮੇਤ ਹੋਰ ਮੰਗਾਂ ਨੂੰ ਲੈਕੇ ਸੰਘਰਸ਼ ਦੇ ਰਾਹ ਪਈਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂਆਂ ਨਾਲ਼ ਮਸਲੇ ਦੇ ਹੱਲ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਅੱਜ (5 ਅਪ੍ਰੈਲ) ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ‘ਤੇ ਬਾਅਦ ਦੁਪਹਿਰ 2 ਵਜੇ ਮੀਟਿੰਗ ਕੀਤੀ ਜਾਵੇਗੀ।
ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਉਹਨਾਂ ਦੀਆਂ ਜਥੇਬੰਦੀਆਂ ਨੂੰ ਮੀਟਿੰਗ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਵੱਲੋਂ ਲਿਖਤੀ ਪੱਤਰ ਨੰ: ਵ.ਸ.1/1103-04 ਮਿਤੀ 04-04-2022 ਰਾਹੀਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਲੰਬੀ ਲਾਠੀਚਾਰਜ ਤੋਂ ਬਾਅਦ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੀ ਕਿਸਾਨ ਮਜ਼ਦੂਰ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਮੁੱਖ ਮੰਤਰੀ ਨਾਲ਼ ਮੀਟਿੰਗ ਕਰਵਾਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਉਹਨਾਂ ਆਖਿਆ ਕਿ ਮੁੱਖ ਮੰਤਰੀ ਨਾਲ਼ ਮੀਟਿੰਗ ਦੌਰਾਨ ਮੰਗ ਕੀਤੀ ਜਾਵੇਗੀ ਕਿ ਨਰਮਾ ਖਰਾਬੇ ਦਾ ਤਹਿਸ਼ੁਦਾ ਮੁਆਵਜ਼ਾ ਮਜ਼ਦੂਰਾਂ ਕਿਸਾਨਾਂ ਨੂੰ ਦੇਣ ਲਈ ਪਹਿਲਾਂ ਖ਼ਰਾਬ ਹੋਏ ਨਰਮੇ ਦੀ ਗਿਰਦਾਵਰੀ ਜਾਣ-ਬੁੱਝ ਕੇ ਸਹੀ ਤਰ੍ਹਾਂ ਨਾ ਕਰਨ, ਫਿਰ ਸੰਘਰਸ਼ ਕਰਦੇ ਕਿਸਾਨਾਂ ਮਜ਼ਦੂਰਾਂ ਦੀ ਕੋਈ ਸੁਣਵਾਈ ਨਾ ਕਰਨ ਅਤੇ ਇਸਤੋਂ ਵੀ ਅੱਗੇ ਕਿਸਾਨਾਂ ਮਜ਼ਦੂਰਾਂ ਉਤੇ ਲਾਠੀਚਾਰਜ ਕਰਾਉਣ ਦੇ ਦੋਸ਼ੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਡੀ.ਐੱਸ.ਪੀ. ਮਲੋਟ ਖਿਲਾਫ਼ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਮਜ਼ਦੂਰਾਂ ਕਿਸਾਨਾਂ ‘ਤੇ ਥਾਣਾ ਲੰਬੀ ਵਿਖੇ ਦਰਜ ਕੇਸ ਵਾਪਸ ਲਿਆ ਜਾਵੇ ਅਤੇ ਸਭਨਾਂ ਹੱਕਦਾਰ ਕਿਸਾਨਾਂ ਮਜ਼ਦੂਰਾਂ ਨੂੰ ਨਰਮਾ ਖਰਾਬੇ ਦਾ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਉਹਨਾਂ ਮੁੱਖ ਮੰਤਰੀ ਵੱਲੋਂ ਇਹਨਾਂ ਹੱਕੀ ਮੰਗਾਂ ਦੇ ਤਸੱਲੀਬਖ਼ਸ਼ ਨਿਪਟਾਰੇ ਦੀ ਆਸ ਪ੍ਰਗਟਾਉਂਦਿਆਂ ਐਲਾਨ ਕੀਤਾ ਕਿ ਮੁਕਤਸਰ ਡੀ.ਸੀ. ਦਫ਼ਤਰ ਅੱਗੇ ਚੱਲ ਰਿਹਾ ਸੰਘਰਸ਼ ਮੰਗਾਂ ਦੀ ਪੂਰਤੀ ਤੱਕ ਜਾਰੀ ਰੱਖਿਆ ਜਾਵੇਗਾ।