Home ਦੋਆਬਾ …ਜਾਣੋ ਜਲੰਧਰ ਪੁਲਿਸ ਨੇ ਕਿਉਂ ਵਧਾਈ ਪੰਜਾਬ ਪ੍ਰੈੱਸ ਕਲੱਬ ਦੀ ਸੁਰੱਖਿਆ
ਜਲੰਧਰ 30 ਅਪ੍ਰੈਲ 2022 : ਪਟਿਆਲਾ ‘ਚ ਵਾਪਰੀ ਘਟਨਾ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਅੱਜ ਕਾਨਫਰੰਸ ਕਰਨ ਲਈ ਜਲੰਧਰ ਪਹੁੰਚ ਰਹੇ ਹਨ। ਇਸ ਦੇ ਮੱਦੇਨਜ਼ਰ ਜਲੰਧਰ ਪੁਲਿਸ ਨੇ ਪੰਜਾਬ ਪ੍ਰੈੱਸ ਕਲੱਬ ਦੀ ਸੁਰੱਖਿਆ ਵਧਾ ਦਿੱਤੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪ੍ਰੈੱਸ ਕਲੱਬ ਦੇ ਨੇੜੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਦੰਗਾ ਵਿਰੋਧੀ ਵਾਹਨ ਅਤੇ ਵਾਟਰ ਕੈਨਨ ਵਾਹਨ ਵੀ ਮੌਕੇ ‘ਤੇ ਮੌਜੂਦ ਹਨ।
ਪਟਿਆਲਾ ‘ਚ ਸ਼ੁੱਕਰਵਾਰ ਨੂੰ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਸ਼ਿਵ ਸੈਨਾ ਦੇ ਵਰਕਰ ਖਾਲਿਸਤਾਨੀ ਵਿਰੋਧੀ ਮਾਰਚ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਮੌਕੇ ’ਤੇ ਪਹੁੰਚ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਬਾਅਦ ‘ਚ ਪੁਲਸ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਹਵਾ ‘ਚ ਗੋਲੀਬਾਰੀ ਵੀ ਕੀਤੀ। ਝੜਪ ‘ਚ 4 ਲੋਕ ਜ਼ਖਮੀ ਹੋ ਗਏ। ਪਟਿਆਲਾ ਵਿੱਚ ਕੱਲ੍ਹ ਹੋਈ ਹਿੰਸਾ ਤੋਂ ਬਾਅਦ ਪੰਜਾਬ ਸਰਕਾਰ ਸਖ਼ਤ ਹੋ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਆਈ.ਜੀ. ਪਟਿਆਲਾ ਰੇਂਜ, ਐਸ.ਐਸ.ਪੀ ਅਤੇ ਐੱਸ.ਪੀ. ਨਗਰ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਐਮ.ਐਸ. ਛੀਨਾ ਨੂੰ ਆਈਜੀ, ਦੀਪਕ ਪਾਰਿਕ ਨੂੰ ਐਸ.ਐਸ.ਪੀ. ਅਤੇ ਵਜ਼ੀਰ ਸਿੰਘ ਨੂੰ ਐੱਸ.ਪੀ. ਸ਼ਹਿਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ‘ਚ ਹਿੰਸਾ ਤੋਂ ਬਾਅਦ ਸ਼ਨੀਵਾਰ ਨੂੰ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸਰਕਾਰ ਇਸ ਮਾਮਲੇ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ।