Home ਦੇਸ਼ ਜਾਇਦਾਦ ਮਾਮਲੇ ‘ਚ ਦੋਸ਼ੀ ਕਰਾਰ, ਹਰਿਆਣਾ ਦੇ ਸਾਬਕਾ CM ਚੌਟਾਲਾ ਨੂੰ ਅੱਜ...
ਚੰਡੀਗੜ੍ਹ 25 ਮਈ 2022 : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ । ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ 21 ਮਈ ਨੂੰ ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ । ਵਿਸ਼ੇਸ਼ ਜੱਜ ਵਿਕਾਸ ਢੁਲ ਨੇ ਇਹ ਹੁਕਮ ਸੁਣਾਉਂਦਿਆਂ ਮਾਮਲੇ ਦੀ ਸੁਣਵਾਈ 26 ਮਈ ਤੱਕ ਮੁਲਤਵੀ ਕਰ ਦਿੱਤੀ ਸੀ । ਅਜਿਹੇ ਵਿੱਚ ਅੱਜ ਅਦਾਲਤ ਵਿੱਚ ਸਜ਼ਾ ‘ਤੇ ਬਹਿਸ ਹੋਵੇਗੀ ਜਿਸ ਤੋਂ ਬਾਅਦ ਸਜ਼ਾ ਦਾ ਐਲਾਨ ਕੀਤਾ ਜਾ ਸਕਦਾ ਹੈ ।
ਜ਼ਿਕਰਯੋਗ ਹੈ ਕਿ CBI ਨੇ 26 ਮਾਰਚ 2010 ਨੂੰ ਸਾਬਕਾ ਸੀਐਮ ਓਮਪ੍ਰਕਾਸ਼ ਚੌਟਾਲਾ ਦੇ ਖਿਲਾਫ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਓਪੀ ਚੌਟਾਲਾ ਨੇ 1993 ਤੋਂ 2006 ਦਰਮਿਆਨ ਕਥਿਤ ਤੌਰ ‘ਤੇ ਆਮਦਨ ਤੋਂ ਬਹੁਤ ਜ਼ਿਆਦਾ 6.09 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ। ਇਹ ਉਸਦੀ ਆਮਦਨ ਤੋਂ ਵੱਧ ਹੈ।
ਦੱਸ ਦੇਈਏ ਕਿ ਸਾਲ 2019 ਵਿੱਚ ਈਡੀ ਨੇ ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਦੀ 3 ਕਰੋੜ 68 ਲੱਕ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਸੀ। ਇਨ੍ਹਾਂ ਜਾਇਦਾਦਾਂ ਵਿੱਚ ਓਮ ਪ੍ਰਕਾਸ਼ ਚੌਟਾਲਾ ਦੇ ਫਲੈਟ, ਪਲਾਟ ਤੇ ਜ਼ਮੀਨ ਸ਼ਾਮਲ ਸਨ। ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਨਵੀਂ ਦਿੱਲੀ, ਪੰਚਕੂਲਾ ਤੇ ਸਿਰਸਾ ਵਿੱਚ ਸਥਿਤ ਹਨ। ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਤਹਿਤ ਦਰਜ ਐਫਆਈਆਰ ਦੇ ਸਬੰਧ ਵਿੱਚ ਕੀਤੀ ਗਈ।