ਚੰਡੀਗੜ੍ਹ ਮੁੱਦੇ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸੀਆਂ ‘ਤੇ ਵਰ੍ਹੇ ਮਾਲਵਿੰਦਰ ਕੰਗ, ਕਹੀ ਇਹ ਵੱਡੀ ਗੱਲ

0
121
Malwinder Kang

ਚੰਡੀਗੜ੍ਹ 12 ਜੁਲਾਈ 2022 : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਮੁੱਦੇ ‘ਤੇ ਅਕਾਲੀ ਦਲ ਬਾਦਲ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ‘ਚ ਸੱਤਾ ‘ਚ ਹੁੰਦਿਆਂ ਦੋਵਾਂ ਪਾਰਟੀਆਂ ਨੂੰ ਕਦੇ ਵੀ ਚੰਡੀਗੜ੍ਹ ਯਾਦ ਨਹੀਂ ਆਇਆ। ਹੁਣ ਇਸ ਮਾਮਲੇ ਨੂੰ ਹੱਲ ਕਰਨ ਦੀ ਬਜਾਏ ਇਹ ਲੋਕ ਗੰਦੀ ਰਾਜਨੀਤੀ ਕਰ ਰਹੇ ਹਨ।

ਮੰਗਲਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਕਦੇ ਵੀ ਪੰਜਾਬ ਦੇ ਹੱਕਾਂ ਦੀ ਪ੍ਰਵਾਹ ਨਹੀਂ ਕੀਤੀ। ਪੰਜਾਬ ‘ਤੇ ਅਕਾਲੀ ਦਲ ਬਾਦਲ ਨੇ 20 ਸਾਲ ਰਾਜ ਕੀਤਾ ਅਤੇ ਕਾਂਗਰਸ ਨੇ 28 ਸਾਲ ਰਾਜ ਕੀਤਾ। ਇੰਨੇ ਦਿਨ ਚੰਡੀਗੜ੍ਹ ਦਾ ਮਾਮਲਾ ਠੀਕ ਰਿਹਾ। ਹੁਣ ਸੱਤਾ ਤੋਂ ਬਾਹਰ ਹੁੰਦੇ ਹੀ ਇਨ੍ਹਾਂ ਲੋਕਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੀ ਚਿੰਤਾ ਸਤਾਉਣ ਲੱਗ ਪਈ ਹੈ।

ਕੰਗ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਹਮੇਸ਼ਾ ਰਹੇਗਾ। ਚੰਡੀਗੜ੍ਹ ਸ਼ਹਿਰ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਪੰਜਾਬ ਦੀ ਧਰਤੀ ‘ਤੇ ਬਣਾਇਆ ਗਿਆ ਸੀ। ਚੰਡੀਗੜ੍ਹ ਪੰਜਾਬ ਦੇ ਪਿੰਡ ਦੇ ਖੰਡਰਾਂ ਤੋਂ ਬਣਿਆ ਸੀ। ਅਸੀਂ ਚੰਡੀਗੜ੍ਹ ‘ਤੇ ਪੰਜਾਬ ਦੇ ਅਧਿਕਾਰ ਨੂੰ ਕਿਸੇ ਵੀ ਕੀਮਤ ‘ਤੇ ਕਮਜ਼ੋਰ ਨਹੀਂ ਹੋਣ ਦੇਵਾਂਗੇ। ਵਿਰੋਧੀ ਪਾਰਟੀਆਂ ‘ਤੇ ਸਵਾਲ ਕਰਦਿਆਂ ਕੰਗ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਪੰਜਾਬ ਦੇ ਹੱਕਾਂ ਨੂੰ ਖੋਰਾ ਲਾਉਣ ਦੇ ਦੋਸ਼ ਲਗਾ ਰਹੇ ਹਨ। ਫਿਰ ਬਾਦਲ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਸਰਕਾਰੀ ਦਫਤਰਾਂ ਨੂੰ ਚੰਡੀਗੜ੍ਹ ਤੋਂ ਮੋਹਾਲੀ ਕਿਉਂ ਸ਼ਿਫਟ ਕੀਤਾ? ਬਾਦਲ ਸਰਕਾਰ ਵੇਲੇ ਨਵਾਂ ਚੰਡੀਗੜ੍ਹ ਕਿਉਂ ਬਣਿਆ? ਅਸਲ ਵਿੱਚ ਚੰਡੀਗੜ੍ਹ ਉੱਤੇ ਪੰਜਾਬ ਦਾ ਅਧਿਕਾਰ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਕਮਜ਼ੋਰ ਕੀਤਾ ਹੈ।

ਉਨ੍ਹਾਂ ਬਾਦਲ ਪਰਿਵਾਰ ‘ਤੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੁਸ਼ ਕਰਨ ਲਈ ਬਾਦਲਾਂ ਨੇ ਖੁਦ ਚੰਡੀਗੜ੍ਹ ਨੇੜੇ ਸਾਰੀਆਂ ਜ਼ਮੀਨਾਂ ਖਰੀਦ ਲਈਆਂ ਅਤੇ ਉਨ੍ਹਾਂ ਜ਼ਮੀਨਾਂ ਨੂੰ ਮਹਿੰਗੇ ਭਾਅ ਵੇਚ ਦਿੱਤਾ। ਇਨ੍ਹਾਂ ਲੋਕਾਂ ਨੇ ਆਪਣੇ ਨਿੱਜੀ ਫਾਇਦੇ ਲਈ ਚੰਡੀਗੜ੍ਹ ‘ਤੇ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕੀਤਾ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਪ੍ਰੈੱਸ ਕਾਨਫਰੰਸ ਵਿੱਚ ਮਾਲਵਿੰਦਰ ਕੰਗ ਦੇ ਨਾਲ ‘ਆਪ’ ਆਗੂ ਡਾ: ਸੰਨੀ ਸਿੰਘ ਆਹਲੂਵਾਲੀਆ ਅਤੇ ਜਗਤਾਰ ਸਿੰਘ ਸੰਘੇੜਾ ਵੀ ਹਾਜ਼ਰ ਸਨ।