ਮਾਨ ਸਰਕਾਰ ਦਾ ਵੱਡਾ ਫੈਸਲਾ : ਜੇਲ੍ਹਾਂ ‘ਚ ਤਾਇਨਾਤ ਹੋਵੇਗੀ ਇੰਟੈਲੀਜੈਂਸ, 5200 ਜੇਲ੍ਹ ਵਾਰਡਨ ਕੀਤੇ ਜਾਣਗੇ ਭਰਤੀ

0
116
maan

ਚੰਡੀਗੜ੍ਹ 4 ਜੂਨ 2022 : ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਚੱਲ ਰਹੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਸਰਕਾਰ ਨੇ ਨਵੀਂ ਯੋਜਨਾ ਤਿਆਰ ਕੀਤੀ ਹੈ। ਅਸਲ ਵਿਚ, ਮੋਬਾਈਲ ਫੋਨ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਲਈ ਅਜਿਹਾ ਸਾਧਨ ਬਣ ਚੁੱਕਾ ਹੈ, ਜਿਸ ਰਾਹੀਂ ਉਹ ਖਤਰਨਾਕ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ। ਨਵੀਂ ਯੋਜਨਾ ਤਹਿਤ ਸਰਕਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੰਟੈਲੀਜੈਂਸ ਅਫਸਰ ਤਾਇਨਾਤ ਕਰੇਗੀ।

ਇਹ ਅਧਿਕਾਰੀ ਜੇਲ੍ਹ ਵਿੱਚ ਜੈਮਰ ਦੇ ਫੇਲ ਹੋਣ ਜਾਂ ਬੰਦ ਹੋਣ ਲਈ ਵੀ ਜ਼ਿੰਮੇਵਾਰ ਹੋਣਗੇ। ਇੰਟੈਲੀਜੈਂਸ ਅਫਸਰਾਂ ਦੀ ਟੀਮ ਦਿਨ ਵਿੱਚ ਦੋ ਵਾਰ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਬੈਰਕਾਂ ਦੀ ਜਾਂਚ ਕਰੇਗੀ। ਵਰਨਣਯੋਗ ਹੈ ਕਿ ਪੰਜਾਬ ਪੁਲਿਸ ਦੇ ਅੰਦਾਜ਼ੇ ਮੁਤਾਬਕ ਸੂਬੇ ਵਿੱਚ ਘੱਟੋ-ਘੱਟ 45 ਗੈਂਗਸਟਰ ਸਰਗਰਮ ਹਨ। ਦੇਸ਼-ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੌਜਵਾਨਾਂ ਨੂੰ ਕੰਟਰੈਕਟ ਕਿਲਿੰਗ ਲਈ ਹਾਇਰ ਕਰ ਰਹੇ ਹਨ।

ਵਾਰਡਨਾਂ ਨੂੰ ਕਮਾਂਡੋ ਟਰੇਨਿੰਗ ਦਿੱਤੀ ਜਾਵੇਗੀ
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਇਸ ਨਵੀਂ ਯੋਜਨਾ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਗੈਂਗਸਟਰਾਂ ਦਾ ਨੈੱਟਵਰਕ ਚਲਾਉਣਾ ਮੁਸ਼ਕਲ ਹੋ ਜਾਵੇਗਾ। ਜੇਲ੍ਹ ਵਿਚਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੇਲ੍ਹ ਵਿੱਚ ਖਾਲੀ ਪਈਆਂ ਵਾਰਡਨਾਂ ਦੀਆਂ ਅਸਾਮੀਆਂ ਜਲਦੀ ਹੀ ਭਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਕਮਾਂਡੋ ਟਰੇਨਿੰਗ ਦੇਣ ਦੀ ਵੀ ਯੋਜਨਾ ਹੈ, ਤਾਂ ਜੋ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਸਕੇ।

2017 ਵਿੱਚ 545 ਗੈਂਗਸਟਰਾਂ ਦੀ ਪਛਾਣ ਕੀਤੀ ਗਈ ਸੀ
2017 ‘ਚ ਸੱਤਾ ‘ਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ ਸੀ। ਫਿਰ ਸਰਕਾਰ ਨੇ ਸੂਬੇ ਵਿੱਚ 545 ਗੈਂਗਸਟਰਾਂ ਦੀ ਸ਼ਨਾਖਤ ਕੀਤੀ। ਪੁਲਿਸ ਨੇ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਜੈਪਾਲ ਵਰਗੇ ਜਾਣੇ-ਪਛਾਣੇ ਅਪਰਾਧੀਆਂ ਦਾ ਸਫਾਇਆ ਕਰਕੇ ਇਨ੍ਹਾਂ ਵਿੱਚੋਂ 500 ਦੇ ਖਿਲਾਫ ਕਾਰਵਾਈ ਕੀਤੀ।

ਸਥਿਤੀ ਇਹ ਬਣ ਗਈ ਸੀ ਕਿ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਕੁਝ ਗੈਂਗਸਟਰਾਂ ਨੇ ਡਰ ਦੇ ਮਾਰੇ ਆਤਮ ਸਮਰਪਣ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ ਕੁਝ ਅਜੇ ਵੀ ਜੇਲ੍ਹ ਵਿੱਚ ਹਨ। ਇਨ੍ਹਾਂ 500 ਗੈਂਗਸਟਰਾਂ ਵਿੱਚੋਂ 250 ਦੇ ਕਰੀਬ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ, ਜਦੋਂ ਕਿ ਕੁਝ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਭੱਜ ਗਏ ਹਨ।