ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਅਗਲੇ ਹਫਤੇ ਪਟਿਆਲੇ ਦੀ ਵਾਰੀ : ਧਾਲੀਵਾਲ

0
95
dhaliwal

ਚੰਡੀਗੜ੍ਹ 7 ਮਈ 2022 : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਵਿੱਢੀ ਮੁਹਿੰਮ ਨੂੰ ਸੂਬੇ ਭਰ ‘ਚ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਪਿਛਲੇ ਦੋ ਦਿਨਾਂ ‘ਚ 91 ਏਕੜ ਪੰਚਾਇਤੀ ਜ਼ਮੀਨ ਦੇ ਨਾਜਾਇਜ਼ ਕਬਜ਼ੇ ਛੁਡਾਏ ਗਏ ਹਨ।

ਅੱਜ ਪਟਿਆਲਾ ਦੇ ਸਰਕਟ ਹਾਊਸ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ 5 ਅਤੇ 6 ਮਈ ਨੂੰ ਛੁਡਵਾਈ ਗਈ ਜ਼ਮੀਨ ‘ਚੋਂ 60 ਏਕੜ ਰਕਬਾ ਪਟਿਆਲਾ ਜ਼ਿਲ੍ਹੇ ਦਾ ਹੈ। ਜਦੋਂਕਿ ਹੁਸ਼ਿਆਰਪੁਰ ਜ਼ਿਲ੍ਹੇ ਦੀ 12 ਏਕੜ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੀ 21.2 ਏਕੜ ਸ਼ਾਮਲਾਟ ਜ਼ਮੀਨ ਸ਼ਾਮਲ ਹੈ, ਜੋਕਿ ਗ੍ਰਾਮ ਪੰਚਾਇਤਾਂ ਨੂੰ ਸਪੁਰਦ ਕੀਤੀ ਗਈ ਹੈ, ਇਹ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਸਨ।

ਧਾਲੀਵਾਲ ਨੇ ਅਗਲੇ ਹਫ਼ਤੇ ਦੇ ਮਿਥੇ ਟੀਚੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਭਰ ‘ਚੋਂ ਸੈਂਕੜੇ ਏਕੜ ਜ਼ਮੀਨ ‘ਚੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ, ਜਿਸ ‘ਚੋਂ 319 ਏਕੜ ਪਟਿਆਲਾ ਜ਼ਿਲ੍ਹੇ ਦੀ ਜ਼ਮੀਨ ਸ਼ਾਮਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਕਈ ਸਾਲਾਂ ਤੋਂ ਬਕਾਇਆ ਚਕੋਤਾ ਵੀ ਭਰ ਦਿੱਤਾ ਹੈ। ਜਦੋਂਕਿ ਇੱਕ ਮੋਟੇ ਜਿਹੇ ਹਿਸਾਬ ਨਾਲ ਹੁਣ ਤੱਕ ਕੋਈ 257 ਕਰੋੜ ਰੁਪਏ ਦੀ ਜ਼ਮੀਨ ਸਰਕਾਰ ਕੋਲ ਵਾਪਸ ਆਈ ਹੈ। ਇੱਕ ਸਵਾਲ ਦੇ ਜਵਾਬ ‘ਚ ਪੰਚਾਇਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਮਜ਼ਬੂਤ ਇੱਛਾ ਸ਼ਕਤੀ ਦੀ ਬਦੌਲਤ ਕੋਈ ਵੀ ਸਰਕਾਰੀ ਜ਼ਮੀਨ ਕਿਸੇ ਵੀ ਨਾਜਾਇਜ਼ ਕਬਜ਼ੇ ਅਧੀਨ ਨਹੀਂ ਰਹੇਗੀ ਅਤੇ ਪੜਾਅਵਾਰ ਢੰਗ ਨਾਲ ਹਰੇਕ ਰਕਬਾ ਸਰਕਾਰ ਦੇ ਕੋਲ ਵਾਪਸ ਆਵੇਗਾ। ਇਸ ਤੋਂ ਬਿਨ੍ਹਾਂ ਜਿਹੜੀਆਂ ਜ਼ਮੀਨਾਂ ਦੇ ਕੇਸ ਅਦਾਲਤਾਂ ‘ਚ ਚੱਲਦੇ ਹਨ, ਉਸ ਲਈ ਸੀਨੀਅਰ ਵਕੀਲਾਂ ਦੀਆਂ ਸੇਵਾਵਾਂ ਲੈਕੇ ਕੇਸ ਜਿੱਤੇ ਜਾਣਗੇ।

ਕੈਬਨਿਟ ਮੰਤਰੀ ਨੇ ਪੰਜਾਬ ਨੂੰ ਬਚਾਉਣ ਲਈ ਅਪੀਲ ਕੀਤੀ ਕਿ ਪੰਜਾਬ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣ ਲਈ ਨਾਜਾਇਜ਼ ਕਾਬਜ਼ਕਾਰ ਖ਼ੁਦ ਹੀ ਅਜਿਹੇ ਕਬਜ਼ੇ ਛੱਡ ਦੇਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ ਪੰਚਾਇਤੀ ਵਿਭਾਗ ਕੋਲ ਬਹੁਤ ਸਾਰੇ ਨਾਜਾਇਜ਼ ਕਾਬਜ਼ਕਾਰ ਖ਼ੁਦ ਪਹੁੰਚ ਬਣਾ ਕੇ ਨਾਜਾਇਜ਼ ਕਬਜ਼ੇ ਛੱਡਣ ਦੀ ਇੱਛਾ ਜਤਾ ਰਹੇ ਹਨ। ਉਨ੍ਹਾਂ ਨੇ ਬਿਨ੍ਹਾਂ ਕਿਸੇ ਦਾ ਵੀ ਨਾਮ ਲਏ ਬਗ਼ੈਰ ਕਿਹਾ ਕਿ ਹਰ ਛੋਟੇ ਤੇ ਵੱਡੇ ਕਾਬਜ਼ਕਾਰ ਦੇ ਕਬਜ਼ੇ ਹੇਠਲੀ ਸਰਕਾਰ ਦੀ ਸਾਰੀ ਜ਼ਮੀਨ ਹੁਣ ਸਰਕਾਰ ਕੋਲ ਵਾਪਸ ਆਵੇਗੀ।