ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਨੂੰ ਲੈ ਕੇ ਕਹੀ ਇਹ ਵੱਡੀ ਗੱਲ

0
104
Raja Waring

ਚੰਡੀਗੜ੍ਹ 21 ਅਪ੍ਰੈਲ 2022 : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਵੱਲੋਂ ਵਿਧਾਇਕਾਂ ਤੋਂ ਬਾਅਦ ਬੁੱਧਵਾਰ ਨੂੰ ਮੌਜੂਦਾ ਅਤੇ ਸਾਬਕਾ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਜੋਸ਼ ਭਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੌਂਸਲਰਾਂ ਨੂੰ ਆਪਣੇ ਖੇਤਰਾਂ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਸਰਗਰਮ ਰਹਿਣਾ ਚਾਹੀਦਾ ਹੈ ਅਤੇ ਹਰ ਮਾਮਲੇ ਵਿੱਚ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਸ ਦੇ ਲਈ ਪੰਜਾਬ ਕਾਂਗਰਸ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ। ਵੜਿੰਗ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਪਾਰਟੀ ਦਾ ਸਾਰਾ ਧਿਆਨ ਵੱਡੇ ਸ਼ਹਿਰਾਂ ਵਿਚ ਹੋਣ ਵਾਲੀਆਂ ਮਿਊਂਸੀਪਲ ਚੋਣਾਂ ‘ਤੇ ਕੇਂਦਰਿਤ ਹੋਵੇਗਾ, ਜਿਸ ਲਈ ਵਰਕਰਾਂ ਨੂੰ ਲਾਮਬੰਦ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਸਥਾਨਕ ਆਗੂਆਂ ਦੀ ਸਲਾਹ ਨਾਲ ਰੋਡਮੈਪ ਤਿਆਰ ਕੀਤਾ ਜਾਵੇਗਾ।

ਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਨਾ ਹੋਣ ਕਾਰਨ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਨੁਕਸਾਨ ਝੱਲਣਾ ਪਿਆ ਹੈ, ਜਿਸ ਦੇ ਮੱਦੇਨਜ਼ਰ ਇਕ ਮਹੀਨੇ ਵਿਚ ਅਹੁਦੇਦਾਰਾਂ ਦਾ ਫੈਸਲਾ ਕੀਤਾ ਜਾਵੇਗਾ, ਜਿਸ ਵਿਚ ਯੋਗ ਅਤੇ ਵਫ਼ਾਦਾਰ ਆਗੂਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਉੱਥੇ ਹੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵੜਿੰਗ ਜਿੱਥੇ ਵੀ ਜਾ ਰਹੇ ਹਨ, ਨਵਜੋਤ ਸਿੱਧੂ ਵੱਲੋਂ ਉਨ੍ਹਾਂ ਨੂੰ ਮਿਲਣ ਦੀ ਬਜਾਏ ਆਪਣੇ ਤੌਰ ‘ਤੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ‘ਤੇ ਸਵਾਲ ਚੁੱਕੇ ਜਾ ਰਹੇ ਹਨ, ਹਾਲਾਂਕਿ ਵੜਿੰਗ ਨੇ ਸਭ ਤੋਂ ਪਹਿਲਾਂ ਇਹ ਕਹਿ ਕੇ ਮਾਮਲਾ ਸ਼ਾਂਤ ਕੀਤਾ ਕਿ ਜੇਕਰ ਸਿੱਧੂ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਜੇਕਰ ਕੋਈ ਅਨੁਸ਼ਾਸਨ ਦੀ ਉਲੰਘਣਾ ਹੁੰਦੀ ਹੈ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਪਰ ਹੁਣ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ ‘ਚ ਬਰਖਾਸਤ ਕਰ ਦਿੱਤਾ ਗਿਆ ਹੈ।