Home Breaking news ਰੋਹਿਤ-ਧਵਨ ਦੀ ਸੈਂਕੜੇ ਵਾਲੀ ਸਾਂਝੇਦਾਰੀ ਨੇ ਟੀਮ ਇੰਡੀਆ ਨੂੰ ਦਿਵਾਈ ਜਿੱਤ, 10...

ਇੰਗਲੈਂਡ 13 ਜੁਲਾਈ 2022 : ਜਸਪ੍ਰੀਤ ਬੁਮਰਾਹ ਨੇ ਕਹਿਰ ਵਰ੍ਹਾਉਂਦੀ ਗੇਂਦਬਾਜ਼ੀ ਕਰਦੇ ਹੋਏ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਕੇ 6 ਵਿਕਟਾਂ ਲਈਆਂ, ਜਿਸ ਦੀ ਮਦਦ ਨਾਲ ਭਾਰਤ ਨੇ ਮੰਗਲਵਾਰ ਨੂੰ ਪਹਿਲੇ ਵਨ ਡੇ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਪਿੱਚ ’ਤੇ ਘਾਹ ਨੂੰ ਦੇਖਦੇ ਹੋਏ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਬੁਮਰਾਹ ਦੀ ਅਗਵਾਈ ਵਿਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇਸ ਨੂੰ ਸਹੀ ਸਾਬਤ ਕਰਦੇ ਹੋਏ ਇੰਗਲੈਂਡ ਨੂੰ 110 ਦੌੜਾਂ ’ਤੇ ਸਮੇਟ ਦਿੱਤਾ, ਜਿਹੜਾ ਭਾਰਤ ਵਿਰੁੱਧ ਉਸਦਾ ਸਭ ਤੋਂ ਘੱਟ ਸਕੋਰ ਸੀ। ਬੁਮਰਾਹ ਨੇ 7.2 ਓਵਰਾਂ ਵਿਚ 19 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਉਹ ਇੰਗਲੈਂਡ ਵਿਚ ਕਿਸੇ ਵਨ ਡੇ ਮੈਚ ਵਿਚ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤ ਦਾ ਪਹਿਲਾ ਤੇਜ਼ ਗੇਂਦਬਾਜ਼ ਬਣ ਗਿਆ। ਜਵਾਬ ਵਿਚ ਕਪਤਾਨ ਰੋਹਿਤ ਸ਼ਰਮਾ ਨੇ 58 ਗੇਂਦਾਂ ਵਿਚ ਅਜੇਤੂ 76 ਤੇ ਸ਼ਿਖਰ ਧਵਨ ਨੇ 54 ਗੇਂਦਾਂ ’ਤੇ ਅਜੇਤੂ 31 ਦੌੜਾਂ ਬਣਾ ਕੇ ਭਾਰਤ ਨੂੰ 18.4 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ ਜਿੱਤ ਦਿਵਾ ਦਿੱਤੀ। ਧਵਨ ਨੂੰ ਲੈਅ ਵਿਚ ਆਉਣ ਵਿਚ ਸਮਾਂ ਲੱਗਾ ਪਰ ਰੋਹਿਤ ਨੇ ਸ਼ਾਨਦਾਰ ਖੇਡ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਕ੍ਰਿਸ ਓਵਰਟੋਨ ਨੂੰ ਬਿਹਤਰੀਨ ਛੱਕਾ ਤੇ ਚੌਕਾ ਲਾਇਆ। ਸ਼ੁਰੂਆਤੀ 17 ਗੇਂਦਾਂ ਵਿਚ ਸਿਰਫ 2 ਦੌੜਾਂ ਬਣਾ ਸਕੇ ਧਵਨ ਨੇ ਰੀਸ ਟਾਪਲੇ ਨੂੰ ਲਗਾਤਾਰ ਦੋ ਚੌਕੇ ਲਾਏ।
ਇਸ ਵਿਚਾਲੇ ਰੋਹਿਤ ਨੇ ਬ੍ਰਾਈਸਨ ਕਾਰਸ ਨੂੰ ਆਪਣੀ ਪਾਰੀ ਦਾ ਤੀਜਾ ਛੱਕਾ ਲਾ ਕੇ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਕਾਰਸ ਨੂੰ ਆਪਣੀ ਪਾਰੀ ਦਾ ਪੰਜਵਾਂ ਛੱਕਾ ਵੀ ਲਾਇਆ ਜਦਕਿ ਧਵਨ ਨੇ ਜੇਤੂ ਚੌਕਾ ਲਾਇਆ। ਇਸ ਤੋਂ ਪਹਿਲਾਂ ਗੇਂਦ ਵਧੀਆ ਸਵਿੰਗ ਤੇ ਸੀਮ ਲੈ ਰਹੀ ਸੀ, ਜਿਸ ਨਾਲ ਬੁਮਰਾਹ ਤੇ ਮੁਹੰਮਦ ਸ਼ੰਮੀ ਹੋਰ ਖਤਰ ਨਜ਼ਰ ਆਏ। ਸ਼ੰਮੀ ਨੇ 7 ਓਵਰਾਂ ਵਿਚ 31 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਜੈਸਨ ਰਾਏ (0) ਨੇ ਬੁਮਰਾਹ ਦੀ ਬਾਹਰ ਜਾਂਦੀ ਗੇਂਦ ਨਾਲ ਛੇੜਖਾਨੀ ਦੀ ਕੋਸ਼ਿਸ਼ ਵਿਚ ਆਪਣੀ ਵਿਕਟ ਗੁਆਈ। ਦੋ ਗੇਂਦਾਂ ਬਾਅਦ ਫਾਰਮ ਵਿਚ ਚੱਲ ਰਿਹਾ ਜੋ ਰੂਟ (0) ਇਕ ਹੋਰ ਇਨਸਵਿੰਗਰ ਗੇਂਦ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਬੁਮਰਾਹ ਦੀ ਗੇਂਦ ਆਫ ਸਟੰਪ ਦੇ ਬਾਹਰ ਤੋਂ ਉੱਛਲਦੀ ਹੋਈ ਆਈ ਤੇ ਵਿਕਟਕੀਪਰ ਰਿਸ਼ਭ ਪੰਤ ਨੇ ਆਸਾਨ ਕੈਚ ਫੜ ਲਿਆ। ਦੂਜੇ ਪਾਸੇ ਤੋਂ ਸ਼ੰਮੀ ਨੇ ਬੇਨ ਸਟੋਕਸ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਪੰਤ ਨੇ ਇਕ ਹੱਥ ਨਾਲ ਉਸਦਾ ਸ਼ਾਨਦਾਰ ਕੈਚ ਫੜਿਆ। ਪੰਤ ਨੇ ਜਾਨੀ ਬੇਅਰਸਟੋ ਦਾ ਵੀ ਕੈਚ ਇਸੇ ਅੰਦਾਜ਼ ਵਿਚ ਫੜਿਆ, ਜਿਹੜਾ 7 ਦੌੜਾਂ ਬਣਾ ਕੇ ਬੁਮਰਾਹ ਦਾ ਤੀਜਾ ਸ਼ਿਕਾਰ ਹੋਇਆ। ਬੁਮਰਾਹ ਨੇ ਜਲਦੀ ਹੀ ਇੰਗਲੈਂਡ ਦਾ ਸਕੋਰ 5 ਵਿਕਟਾਂ ’ਤੇ 26 ਦੌੜਾਂ ਕਰ ਦਿੱਤਾ ਜਦੋਂ ਲਿਆਮ ਲਿਵਿੰਗਸਟੋਨ (0) ਪੈਵੇਲੀਅਨ ਪਰਤਿਆ।
ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ 32 ਗੇਂਦਾਂ ਵਿਚ ਸਭ ਤੋਂ ਵੱਧ 30 ਦੌੜਾਂ ਬਣਾਈਆਂ ਪਰ ਦੂਜੇ ਪਾਸੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ। ਸ਼ੰਮੀ ਨੇ ਸ਼ਾਟ ਗੇਂਦ ਸੁੱਟ ਕੇ ਬਟਲਰ ਨੂੰ ਖਰਾਬ ਸ਼ਾਟ ਖੇਡਣ ’ਤੇ ਮਜਬੂਰ ਕੀਤਾ ਜਿਹੜਾ ਡੀਪ ਸਕੁਐਰ ਲੈੱਗ ਵਿਚ ਕੈਚ ਦੇ ਕੇ ਪਰਤਿਆ। ਇਸ ਸਮੇਂ ਇੰਗਲੈਂਡ ਦਾ ਸਕੋਰ 7 ਵਿਕਟਾਂ ’ਤੇ 59 ਦੌੜਾਂ ਸੀ। ਡੇਵਿਡ ਵਿਲੀ (26 ਗੇਂਦਾਂ ਵਿਚ 21 ਦੌੜਾਂ) ਤੇ ਬ੍ਰਾਈਸਨ ਕਾਰਸ (26 ਗੇਂਦਾਂ ’ਤੇ 15 ਦੌੜਾਂ) ਨੇ 9ਵੀਂ ਵਿਕਟ ਲਈ 35 ਦੌੜਾਂ ਜੋੜ ਕੇ ਇੰਗਲੈਂਡ ਨੂੰ 100 ਦੌੜਾਂ ਦੇ ਅੰਦਰ ਸਿਮਟਣ ਤੋਂ ਬਚਾਇਆ। ਇੰਗਲੈਂਡ ਦਾ ਸਭ ਤੋਂ ਘੱਟ ਸਕੋਰ 86 ਦੌੜਾਂ ਹੈ, ਜਿਹੜਾ 2001 ਵਿਚ ਆਸਟਰੇਲੀਆ ਵਿਰੁੱਧ ਬਣਾਇਆ ਸੀ। ਬੁਮਰਾਹ ਨੇ ਕਾਰਸ ਨੂੰ ਆਊਟ ਕਰ ਕੇ ਆਪਣੇ ਵਨ ਡੇ ਕਰੀਅਰ ਵਿਚ ਦੂਜੀ ਵਾਰ ਪਾਰੀ ਦੀਆਂ ਪੰਜ ਵਿਕਟਾਂ ਲਈਆਂ।