Home Breaking news ਭ੍ਰਿਸ਼ਟਾਚਾਰ ਮਾਮਲੇ ‘ਚ ਫਸੇ ਸਾਧੂ ਸਿੰਘ ਧਰਮਸੋਤ ਦੀਆਂ ਵਧਦੀਆਂ ਮੁਸ਼ਕਿਲਾਂ, ਜਾਣੋ ਕੀ...
ਚੰਡੀਗੜ੍ਹ 6 ਜੁਲਾਈ 2022 : ਪੰਜਾਬ ਦੇ ਸਾਬਕਾ ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਵੀ ਲੋਕ ਪ੍ਰਤੀਨਿਧਤਾ ਐਕਟ ਤਹਿਤ ਕਾਰਵਾਈ ਦੀ ਤਲਵਾਰ ਲਟਕ ਗਈ ਹੈ। ਇਹ ਤਲਵਾਰ ਧਰਮਸੋਤ ਖਿਲਾਫ ਚੱਲ ਰਹੀ ਵਿਜੀਲੈਂਸ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਗਈ ਚਿੱਠੀ ਕਾਰਨ ਲੱਗੀ ਹੈ।
ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚੋਣ ਕਮਿਸ਼ਨ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਧੂ ਸਿੰਘ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦਾ ਨਾਂ ਨੇ ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਦੇ ਸੈਕਟਰ-80 ‘ਚ ਪਲਾਟ ਨੰਬਰ 27 ਖਰੀਦਿਆ ਸੀ। ਇਹ ਰਿਹਾਇਸ਼ੀ ਪਲਾਟ 500 ਵਰਗ ਗਜ਼ ਦਾ ਸੀ, ਜੋ ਮਈ, 2021 ਵਿੱਚ ਖਰੀਦਿਆ ਗਿਆ ਸੀ ਅਤੇ ਗਮਾਡਾ ਦੇ ਰਿਕਾਰਡ ਅਨੁਸਾਰ ਇਹ ਪਲਾਟ 9 ਜੂਨ, 2021 ਨੂੰ ਸਾਧੂ ਸਿੰਘ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ ਤਬਦੀਲ ਕਰ ਦਿੱਤਾ ਗਿਆ ਸੀ। ਸ਼ੀਲਾ ਦੇਵੀ ਨੇ 2 ਮਾਰਚ 2022 ਨੂੰ ਇਕ ਅਰਜ਼ੀ ਰਾਹੀਂ ਰਾਜ ਕੁਮਾਰ ਅਤੇ ਕਸ਼ਮੀਰ ਸਿੰਘ ਦੇ ਨਾਂ ‘ਤੇ 500 ਵਰਗ ਗਜ਼ ਦਾ ਪਲਾਟ ਗਮਾਡਾ ਤੋਂ ਤਬਦੀਲ ਕਰਨ ਦੀ ਮੰਗ ਕੀਤੀ ਸੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਧੂ ਸਿੰਘ ਧਰਮਸੋਤ ਵੱਲੋਂ ਨਾਭਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ 31 ਜਨਵਰੀ 2022 ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ ਅਤੇ ਉਕਤ ਨਾਮਜ਼ਦਗੀ ਪੱਤਰ ਨਾਲ ਨੱਥੀ ਹਲਫ਼ਨਾਮੇ ਵਿੱਚ ਦਿੱਤੀ ਜਾਇਦਾਦ ਦੀ ਜਾਣਕਾਰੀ ਵੀ ਦਿੱਤੀ ਸੀ। ਜਾਇਦਾਦ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕਿਤੇ ਵੀ 500 ਵਰਗ ਗਜ਼ ਦੇ ਉਕਤ ਪਲਾਟ ਦਾ ਜ਼ਿਕਰ ਨਹੀਂ ਕੀਤਾ, ਜੋ ਕਿ ਲੋਕ ਪ੍ਰਤੀਨਿਧਤਾ ਕਾਨੂੰਨ ਦੀ ਧਾਰਾ 125ਏ ਤਹਿਤ ਅਪਰਾਧ ਹੈ। ਵਿਜੀਲੈਂਸ ਬਿਊਰੋ ਵੱਲੋਂ ਚੋਣ ਕਮਿਸ਼ਨ ਨੂੰ ਦੋਸ਼ੀਆਂ ਖਿਲਾਫ ਲੋਕ ਪ੍ਰਤੀਨਿਧਤਾ ਐਕਟ ਤਹਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।