Home ਦੋਆਬਾ ਸਰਕਾਰ PRTC ਨੂੰ ਦੇਵੇਗੀ 114 ਕਰੋੜ ਰੁਪਏ, ਜਾਣੋ ਕਾਰਨ
ਚੰਡੀਗੜ੍ਹ 9 ਮਈ 2022 : ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਲ ਅਪਰੈਲ ਵਿੱਚ ਸ਼ੁਰੂ ਕੀਤੀ ਗਈ ਔਰਤਾਂ ਲਈ ਮੁਫ਼ਤ ਯਾਤਰਾ ਅਜੇ ਵੀ ਜਾਰੀ ਹੈ। ਇਸ ਯਾਤਰਾ ਨੂੰ ਹੋਰ ਵੀ ਅੱਗੇ ਵਧਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਰਕਾਰੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੂੰ 114 ਕਰੋੜ ਰੁਪਏ ਅਦਾ ਕਰਨੇ ਪੈਣਗੇ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਕਾਰ ਇਸ ਯਾਤਰਾ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਅਤੇ ਸਰਕਾਰ ਨੇ ਇਕ-ਦੋ ਦਿਨਾਂ ਵਿਚ ਇਹ ਰਾਸ਼ੀ ਦੇਣ ਦਾ ਭਰੋਸਾ ਦਿੱਤਾ ਹੈ।
ਪੀਆਰਟੀਸੀ ਦੀ ਐਮਡੀ ਪੂਨਮ ਦੀਪ ਕੌਰ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਇੱਕ ਦੋ ਦਿਨਾਂ ਵਿੱਚ ਬਕਾਇਆ ਕਲੀਅਰ ਕਰ ਦਿੱਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦਸੰਬਰ ਤੋਂ ਬਕਾਇਆ ਪਏ ਹਨ। ਨਤੀਜੇ ਵਜੋਂ ਪੀਆਰਟੀਸੀ ਨੂੰ ਆਪਣੇ ਰੋਜ਼ਾਨਾ ਦੇ ਖਰਚੇ ਪੂਰੇ ਕਰਨੇ ਔਖੇ ਹੋ ਰਹੇ ਹਨ।
ਪੀਆਰਟੀਸੀ ਦੇ ਯਾਤਰੀਆਂ ਵਿੱਚ 40 ਫੀਸਦੀ ਔਰਤਾਂ ਹਨ। ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਪੀਆਰਟੀਸੀ ਦੀਆਂ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਜਦੋਂ ਵੀ ਸੂਬਾ ਸਰਕਾਰ ਬਕਾਏ ਦੀ ਭਰਪਾਈ ਕਰੇਗੀ ਤਾਂ ਪੀਆਰਟੀਸੀ ਦੀ ਆਮਦਨ ਵਧੇਗੀ। ਪੀਆਰਟੀਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਔਰਤਾਂ ਲਈ ਮੁਫ਼ਤ ਯਾਤਰਾ ਦਾ ਬਿੱਲ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਪੀਆਰਟੀਸੀ ਦੇ ਇੱਕ ਜਨਰਲ ਮੈਨੇਜਰ ਨੇ ਕਿਹਾ ਕਿ ਜੇਕਰ ਪੀਆਰਟੀਸੀ ਨੂੰ ਸਮੇਂ ਸਿਰ ਅਦਾਇਗੀ ਨਾ ਹੋਈ ਤਾਂ ਇਸ ਦੀ ਵਿੱਤੀ ਸਥਿਤੀ ਵਿਗੜ ਜਾਵੇਗੀ।