ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ PRTC ਦੀਆਂ 18 ਨਵੀਆਂ ਬੱਸਾਂ ਨੂੰ ਦਿੱਤੀ ਹਰੀ ਝੰਡੀ

0
93
Transport Minister Laljit Singh Bhullar

ਚੰਡੀਗੜ੍ਹ 5 ਅਪ੍ਰੈਲ 2022 : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਵਿਧਾਨ ਸਭਾ ਹਲਕਾ ਪੱਟੀ ਦੇ ਬੱਸ ਸਟੈਂਡ ਤੋਂ ਮੰਗਲਵਾਰ ਨੂੰ ਲੰਬੇ ਸਮੇਂ ਤੋਂ ਬੰਦ ਪਏ ਰੂਟਾਂ ਤੋਂ ਦੁਬਾਰਾ ਬੱਸ ਸੇਵਾ ਸ਼ੁਰੂ ਕਰਦੇ ਹੋਏ 18 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਦੌਰਾਨ ਭੁੱਲਰ ਨੇ ਕਿਹਾ ਕਿ ਪੰਜਾਬ ਭਰ ਵਿਚ ਨਿੱਜੀ ਟਰਾਂਸਪੋਰਟ ਮਾਫੀਆ ਉਤੇ ਲਗਾਮ ਕੱਸਣ ਵਾਸਤੇ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਰਕਾਰ ਦੇ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਟਰਾਂਸਪੋਰਟ ਮਾਫ਼ੀਆ ਉੱਤੇ ਨਕੇਲ ਕੱਸ ਲਈ ਜਾਵੇਗੀ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਲਦ ਹੀ ਪੰਜਾਬ ਦੇ ਬੰਦ ਪਏ ਰੂਟਾਂ ਉਤੇ ਨਵੀਆਂ ਬੱਸਾਂ ਤੋਰੀਆਂ ਜਾਣਗੀਆਂ। ਭੁੱਲਰ ਨੇ ਮੰਚ ਤੋਂ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਹਲਕੇ ਵਿੱਚ ਜੇਕਰ ਨਸ਼ਾ ਤਸਕਰ ਨੂੰ ਛੱਡਿਆ ਗਿਆ ਤਾਂ ਉਸ ਅਫ਼ਸਰ ਦੇ ਖਿਲਾਫ ਕਾਰਵਾਈ ਹੋਏਗੀ। ਨਾਲ ਹੀ ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਸਿਆਸਤਦਾਨ ਪੁਲਿਸ ਅਫਸਰਾਂ ਕੋਲੋਂ ਮਹੀਨਾ ਲੈਂਦੇ ਹੋਣਗੇ ਪਰ ਉਹਨਾਂ ਨੂੰ ਇੱਕ ਪੈਸਾ ਵੀ ਰਿਸ਼ਵਤਖੋਰੀ ਦਾ ਨਹੀਂ ਚਾਹੀਦਾ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੁਣ ਪੱਟੀ ਤੋਂ ਜੁਵਾਲਾ ਜੀ ਵਾਇਆ ਚਿੰਤਪੁਰਨੀ ਅਤੇ ਪੱਟੀ ਤੋਂ ਯੂਮਨਾ ਨਗਰ, ਪੱਟੀ ਤੋਂ ਦਿੱਲੀ ਵਾਇਆ ਮੋਗਾ, ਪੱਟੀ ਤੋਂ ਬਠਿੰਡਾ-ਡੱਬਵਾਲੀ, ਪੱਟੀ ਤੋਂ ਹੁਸ਼ਿਆਰਪੁਰ ਵਾਇਆ ਚੋਹਲਾ ਸਾਹਿਬ, ਪੱਟੀ ਤੋਂ ਜੰਮੂ ਵਾਇਆ ਅੰਮਿ੍ਤਸਰ ਅਤੇ ਪੱਟੀ ਤੋਂ ਸ੍ਰੀ ਆਨੰਦਪੁਰ ਸਾਹਿਬ ਵਾਇਆ ਅੰਮਿ੍ਤਸਰ ਅਤੇ ਛੋਟੇ ਰੂਟਾਂ ‘ਤੇ ਜਾਣ ਲਈ ਬੱਸਾਂ ਸ਼ੁਰੂ ਕੀਤੀ ਗਈਆਂ ਹਨ।