Home ਵਿਦੇਸ਼ ਪਾਕਿਸਤਾਨ ‘ਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਪਰਿਵਾਰ ‘ਤੇ...
ਪੇਸ਼ਾਵਰ 21 ਅਪ੍ਰੈਲ 2022 : ਪਾਕਿਸਤਾਨ ‘ਚ ਹਿੰਦੂ ਅਤੇ ਸਿੱਖ ਭਾਈਚਾਰਿਆਂ ‘ਤੇ ਹਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸ੍ਰੀ ਨਨਕਾਣਾ ਸਾਹਿਬ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਸਿੱਖ ਆਗੂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਮਸਤਾਨ ਸਿੰਘ ਦੇ ਪਰਿਵਾਰ ‘ਤੇ ਕਥਿਤ ਤੌਰ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਵਿੱਚ ਉਸ ਦਾ ਪੁੱਤਰ ਦਿਲਾਵਰ ਸਿੰਘ ਅਤੇ ਛੋਟਾ ਪੁੱਤਰ ਪਾਲਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
ਆਪਣੇ ਭਰਾ ਨਾਲ ਇਲਾਜ ਲਈ ਸ੍ਰੀ ਨਨਕਾਣਾ ਸਾਹਿਬ ਦੇ ਸਰਕਾਰੀ ਹਸਪਤਾਲ ਪੁੱਜੇ ਦਿਲਾਵਰ ਸਿੰਘ ਨੇ ਦੱਸਿਆ ਕਿ ਉਸ ਦੀ ਅਤੇ ਉਸ ਦੇ ਚਾਚੇ ਦੀ ਸ਼ਹਿਰ ਦੇ ਕੋਟ ਸੰਤ ਰਾਮ ਵਿੱਚ 5.5 ਏਕੜ ਸਾਂਝੀ ਜ਼ਮੀਨ ਹੈ। ਪਿਛਲੇ 10 ਦਿਨਾਂ ਤੋਂ ਮਾਫੀਆ ਦੇ ਲੋਕ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਪੁਲੀਸ ਜਾਂ ਐਂਡੋਮੈਂਟ ਬੋਰਡ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹਨ ਤਾਂ ਹਰ ਕੇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ।
ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਜ਼ਮੀਨ ਵਿੱਚ ਕਣਕ ਦੀ ਵਾਢੀ ਕਰ ਰਿਹਾ ਸੀ ਤਾਂ ਭੂ-ਮਾਫੀਆ ਦੇ ਲੋਕ ਉੱਥੇ ਪਹੁੰਚ ਗਏ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ। ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਰ ਪੁਲੀਸ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕਰ ਸਕੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਾਕਿਸਤਾਨ ਵਿੱਚ ਸਿੱਖਾਂ ’ਤੇ ਲੰਮੇ ਸਮੇਂ ਤੋਂ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ।