Home ਪੰਜਾਬ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ SGPC ਨੂੰ ਲਿਖਿਆ ਪੱਤਰ, ਜਾਣੋ ਕਾਰਨ
ਅੰਮ੍ਰਿਤਸਰ 9 ਅਪ੍ਰੈਲ 2022 : ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੂੰ ਪੱਤਰ ਲਿਖ ਕੇ ਲਾਈਵ ਚੈਨਲ ਦੀ ਇਜਾਜ਼ਤ ਦੇਣ ਲਈ ਮਦਦ ਕਰਨ ਲਈ ਕਿਹਾ ਹੈ। ਇੰਨਾ ਹੀ ਨਹੀਂ ਸੰਸਦ ਮੈਂਬਰ ਔਜਲਾ ਨੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਕੇਂਦਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਭੇਜੀ ਅਰਜ਼ੀ ਦੀ ਕਾਪੀ ਵੀ ਮੰਗੀ ਹੈ, ਤਾਂ ਜੋ ਇਸ ਦੀ ਪ੍ਰਵਾਨਗੀ ਲਈ ਮਦਦ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਇੱਕ ਚੈਨਲ ਤੋਂ ਕਰਨ ਦੀ ਬਜਾਏ ਦੂਜੇ ਮਾਧਿਅਮਾਂ ਜਾਂ ਆਪਣੇ ਚੈਨਲ ਰਾਹੀਂ ਕਰਨ ਲਈ ਕਿਹਾ ਹੈ। ਪਹਿਲਾਂ ਤਾਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਇਕ ਨਿੱਜੀ ਚੈਨਲ ਦੇ ਹੱਕ ਵਿੱਚ ਆਪਣੇ ਬਿਆਨ ਦਿੱਤੇ ਪਰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਨੇ ਅਜਿਹਾ ਕਰਨ ਦੀ ਹਾਮੀ ਭਰ ਦਿੱਤੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਹੀ ਸਪੱਸ਼ਟ ਕੀਤਾ ਕਿ ਉਹ ਇਕ ਹਫਤੇ ਦੇ ਅੰਦਰ-ਅੰਦਰ ਪਹਿਲਾਂ ਯੂ-ਟਿਊਬ ਚੈਨਲ ਅਤੇ ਫਿਰ ਕੇਂਦਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਲਾਈਵ ਚੈਨਲ ਰਾਹੀਂ ਗੁਰਬਾਣੀ ਸੰਗਤ ਤੱਕ ਪਹੁੰਚਾਉਣਗੇ ਪਰ ਸ਼੍ਰੋਮਣੀ ਕਮੇਟੀ ਨੇ ਇਸ ਦੀ ਇਜਾਜ਼ਤ ਲੈਣ ਲਈ ਸੂਬਾ ਸਰਕਾਰ ਤੋਂ ਮਦਦ ਮੰਗੀ ਹੈ। ਇਹ ਸੁਣ ਕੇ ਹੁਣ ਸੰਸਦ ਮੈਂਬਰ ਔਜਲਾ ਮਦਦ ਲਈ ਅੱਗੇ ਆਏ ਹਨ।