Home ਦੋਆਬਾ ‘ਮਾਨ ਸਰਕਾਰ’ ਦੇ 40 ਦਿਨਾਂ ‘ਚ ਲਏ 7 ਹਜ਼ਾਰ ਕਰੋੜ ਦੇ ਕਰਜ਼ੇ...
ਚੰਡੀਗੜ੍ਹ 2 ਮਈ 2022 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਜਾਂਚ ਦੇ ਹੁਕਮ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦੇ 40 ਦਿਨਾਂ ਵਿੱਚ ਲਏ 7 ਹਜ਼ਾਰ ਕਰੋੜ ਦੇ ਕਰਜ਼ੇ ਦੀ ਜਾਂਚ ਦੇ ਹੁਕਮ ਦੇਣ। ਉਨ੍ਹਾਂ ਕਿਹਾ ਕਿ ਜੋ ਹੋਰ ਪਾਰਟੀਆਂ ਪਿਛਲੇ 50 ਸਾਲਾਂ ਵਿੱਚ ਨਹੀਂ ਕਰ ਸਕੀਆਂ, ਉਹ ‘ਆਪ’ ਸਰਕਾਰ ਨੇ 40 ਦਿਨਾਂ ਵਿੱਚ ਕਰ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰੋਜ਼ਾਨਾ 175 ਕਰੋੜ ਰੁਪਏ (40 ਦਿਨਾਂ ਵਿੱਚ 7,000 ਕਰੋੜ ਰੁਪਏ) ਨਾਲ ਜੇਕਰ ‘ਆਪ’ ਸਰਕਾਰ 5 ਸਾਲ ਹੋਰ ਸੱਤਾ ’ਚ ਰਹਿੰਦੀ ਹੈ ਤਾਂ ਸੂਬੇ ’ਤੇ 3.2 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ 40 ਦਿਨਾਂ ਵਿੱਚ ‘ਆਪ’ ਸਰਕਾਰ ਨੇ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਦਰ ਨਾਲ ਸੂਬੇ ’ਤੇ 3.2 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ, ਜੋ ਪਿਛਲੇ 50 ਸਾਲਾਂ ’ਚ ਵੀ ਨਹੀਂ ਵਧਿਆ ਸੀ। ਰਾਜਾ ਵੜਿੰਗ ਨੇ ਭਗਵੰਤ ਮਾਨ ਸਰਕਾਰ ਨੂੰ ਸੋਚ ਸਮਝ ਕੇ ਕਰਜ਼ਾ ਚੁੱਕਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ- ”ਮਾਨ ਸਾਹਿਬ ਥੋੜ੍ਹਾ ਧਿਆਨ ਨਾਲ ਚੱਲੋ, ਕਰਜ਼ਾ ਮੋੜਨਾ ਵੀ ਪੈਂਦਾ ਹੈ। ਕੇਜਰੀਵਾਲ ਜੀ ਨੇ ਜਿਹੜਾ 54000 ਕਰੋੜ ਦਾ ਇੰਤਜ਼ਾਮ ਕੀਤਾ ਸੀ ਉਸਦਾ ਕੀ ਹੋਇਆ ? ਉਹ ਵੀ ਪੁੱਛ ਲਓ ਨਹੀਂ ਤਾਂ ਛੇ ਮਹੀਨਿਆਂ ਵਿੱਚ ਵਿੱਤੀ ਐਮਰਜੈਂਸੀ ਦੇ ਹਾਲਾਤ ਬਣ ਰਹੇ ਹਨ।
ਦੱਸ ਦਈਏ ਕਿ ਭਗਵੰਤ ਸਰਕਾਰ ਉਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਪਿਛਲੇ ਕੁਝ ਦਿਨਾਂ ਵਿਚ ਕਰੋੜਾਂ ਦਾ ਕਰਜ਼ਾ ਚੁੱਕਿਆ ਹੈ। ਸੋਸ਼ਲ ਮੀਡੀਆ ਉਤੇ ਇਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਨ ਸਰਕਾਰ ਨੇ 27 ਅਪਰੈਲ ਤੱਕ 7000 ਕਰੋੜ ਦਾ ਕਰਜ਼ਾ ਚੁੱਕਿਆ। ਇਸ ਵਿਚ 10 ਅਤੇ 17 ਮਾਰਚ ਨੂੰ 1500 ਕਰੋੜ ਦਾ ਕਰਜਾ ਚੁੱਕਿਆ ਹੈ। 24 ਮਾਰਚ ਨੂੰ 2500 ਕਰੋੜ ਦਾ ਕਰਜ਼ਾ ਲਿਆ ਹੈ। ਵਿਰੋਧੀ ਧਿਰਾਂ ਸਰਕਾਰ ਨੂੰ ਇਸ ਮੁੱਦੇ ਉਤੇ ਘੇਰ ਰਹੀਆਂ ਹਨ।